ਇਮਰਾਨ ਦੀ ਤਾਜਪੋਸ਼ੀ ਆਜ਼ਾਦੀ ਦਿਹਾੜੇ ਤੋਂ ਪਹਿਲਾਂ – ਪੀਟੀਆਈ

ਇਸਲਾਮਾਬਾਦ – ਪਾਕਿਸਤਾਨ ’ਚ ਹੋਈਆਂ ਆਮ ਚੋਣਾਂ ਵਿੱਚ ਸਭ ਤੋਂ ਵੱਡੀ ਧਿਰ ਬਣ ਕੇ ਉੱਭਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀਟੀਆਈ) ਦੇ ਮੁਖੀ ਇਮਰਾਨ ਖ਼ਾਨ 14 ਅਗਸਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਵੱਜੋਂ ਸਹੁੰ ਚੁੱਕ ਲੈਣਗੇ। ਪੀਟੀਆਈ ਆਗੂ ਨਈਮ-ਉਲ-ਹੱਕ ਨੇ ਕਿਹਾ ਕਿ ਖੇਤਰੀ ਪਾਰਟੀਆਂ ਅਤੇ ਆਜ਼ਾਦ ਉਮੀਦਾਵਾਰਾਂ ਨਾਲ ਰਾਬਤਾ ਕੀਤਾ ਜਾ ਰਿਹਾ ਹੈ ਤੇ ਲੋੜੀਂਦੇ ਅੰਕੜੇ ਜਲਦੀ ਹਾਸਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਮੁਲਕ ਦੇ ਆਜ਼ਾਦੀ ਦਿਵਸ (14 ਅਗਸਤ) ਤੋਂ ਪਹਿਲਾਂ-ਪਹਿਲਾਂ ਇਮਰਾਨ ਖ਼ਾਨ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਪ੍ਰਤੀ ਉਹ ਪੂਰੇ ਆਸਵੰਦ ਹਨ। ਪੀਟੀਆਈ ਨੇ 116 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਤੇ ਸਰਕਾਰ ਬਣਾਉਣ ਲਈ 172 ਸੀਟਾਂ ਲੋੜੀਂਦੀਆਂ ਹਨ। ਇਸੇ ਦੌਰਾਨ ਕਰਾਚੀ ਅਤੇ ਸਿਆਲਕੋਟ ਵਿੱਚ ਸੜਕ ਕੰਢੇ ਬੈੱਲਟ ਬਕਸੇ ਤੇ ਹੋਰ ਸਮੱਗਰੀ ਮਿਲਣ ਨਾਲ ਚੋਣ ਅਮਲ ਵਿੱਚ ਹੇਰਾਫੇਰੀ ਹੋਣ ਦਾ ਮਾਮਲਾ ਵੀ ਤੂਲ ਫੜਦਾ ਜਾ ਰਿਹਾ ਹੈ। ਮੁਲਕ ਵਿੱਚ ਸਿਆਸੀ ਸਰਗਰਮੀਆਂ ਪੂਰੇ ਜੋਬਨ ’ਤੇ ਹਨ ਅਤੇ ਵੱਖ-ਵੱਖ ਧਿਰਾਂ ਵੱਲੋਂ ਆਜ਼ਾਦਾਨਾ ਤੇ ਗੁਪਤ ਮੀਟਿੰਗਾਂ ਕਰਕੇ ਜੋੜ-ਤੋੜ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਪੀਟੀਆਈ ਤੋਂ ਬਾਅਦ ਪਾਕਿਸਤਾਨ ਦੀਆਂ ਦੋ ਹੋਰ ਵੱਡੀਆਂ ਸਿਆਸੀ ਪਾਰਟੀਆਂ ਪਾਕਿਸਤਾਨ ਪੀਪਲਜ਼ ਪਾਰਟੀ ਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਵੀ ਆਉਣ ਵਾਲੇ ਦਿਨਾਂ ਵਿੱਚ ਮੀਟਿੰਗ ਕਰਕੇ ਸੰਸਦੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰ ਸਕਦੀਆਂ ਹਨ। ਪਾਕਿ ਮੀਡੀਆ ਵੱਲੋਂ ਵੀ ਲਗਾਤਾਰ ਕੈਬਨਿਟ ਅਤੇ ਹੋਰਨਾਂ ਅਹਿਮ ਅਹੁਦਿਆਂ ’ਤੇ ਨਿਯੁਕਤੀਆਂ ਬਾਰੇ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਹਨ। ਪੀਟੀਆਈ ਜੇਕਰ ਜੀਡੀਏ, ਐੱਮਕਿਊਐੱਮ-ਪੀ, ਪੀਐੱਮਐੱਲ-ਕਿਊ ਤੇ ਅਵਾਮੀ ਮੁਸਲਿਮ ਲੀਗ ਦੀ ਹਮਾਇਤ ਹਾਸਲ ਕਰ ਲੈਂਦੀ ਹੈ ਤਾਂ ਸੀਟਾਂ ਦੀ ਗਿਣਤੀ 122 ਤੱਕ ਪੁੱਜ ਜਾਵੇਗੀ।