ਇਰਾਕ ‘ਚ ਫਸੇ ਭਾਰਤੀਆਂ ‘ਤੇ ਸੁਸ਼ਮਾ ਸਵਰਾਜ ਨੇ ਕਿਹਾ, ‘ਜ਼ਿੰਦਾ ਹਨ ਜਾਂ ਮਰ ਗਏ ਮੇਰੇ ਕੋਲ ਸਬੂਤ ਨਹੀਂ”

ਨਵੀਂ ਦਿੱਲੀ  –  ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਲੋਕਸਭਾ ‘ਚ ਦੱਸਿਆ ਕਿ ਮੋਸੁਲ ‘ਚ ਲਾਪਤਾ 39 ਭਾਰਤੀਆਂ ਦੇ ਮਾਰੇ ਜਾਣ ਨੂੰ ਲੈ ਕੇ ਉਨ੍ਹਾਂ ਕੋਲ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਸੁਸ਼ਮਾ ਨੇ ਕਿਹਾ ਕਿ ਜਦੋਂ ਤੱਕ ਕੋਈ ਢੁੱਕਵਾਂ ਸਬੂਤ ਨਹੀਂ ਮਿਲ ਜਾਂਦਾ, ਉਨ੍ਹਾਂ ਦੀ ਸਰਕਾਰ ਮੋਸੁਲ ‘ਚ ਭਾਰਤੀਆਂ ਦੀ ਭਾਲ ਜਾਰੀ ਰੱਖੇਗੀ। ਉਨ੍ਹਾਂ ਨੇ ਇਸ ਮੁੱਦੇ ‘ਤੇ ਉਨ੍ਹਾਂ ਨੂੰ ਘੇਰਨ ‘ਚ ਜੁਟੇ ਵਿਰੋਧੀ ਸੰਸਦ ਮੈਂਬਰਾਂ ਨੂੰ ਜਵਾਬ ਦਿੰਦਿਆਂ ਕਿਹਾ ਕਿ ਉਹ ਬਿਨਾਂ ਸਬੂਤ ਕਿਸੇ ਨੂੰ ਮਰਿਆ ਹੋਇਆ ਘੋਸ਼ਿਤ ਕਰਨ ਦਾ ਪਾਪ ਆਪਣੇ ਸਿਰ ਨਹੀਂ ਲੈ ਸਕਦੀ। ਸੁਸ਼ਮਾ ਨੇ ਕਿਹਾ ਕਿ ਉਨ੍ਹਾਂ ਨੇ ਲਾਪਤਾ ਭਾਰਤੀਆਂ ਬਾਰੇ ਸੰਸਦ ‘ਚ ਕੋਈ ਗ਼ਲਤ ਬਿਆਨੀ ਨਹੀਂ ਕੀਤੀ। ਮੈਂ ਕਦੇ ਨਹੀਂ ਕਿਹਾ ਕਿ ਉਹ ਲੋਕ ਮਾਰੇ ਗਏ ਹਨ ਜਾਂ ਫਿਰ ਜ਼ਿੰਦਾ ਹਨ। ਵਿਦੇਸ਼ ਮੰਤਰੀ ਨੇ ਕਿਹਾ, ” ਸਾਡੀ ਸਰਕਾਰ ਬਣਨ ਦੇ 20 ਦਿਨਾਂ ਬਾਅਦ ਘਟਨਾ ਬਾਰੇ ਮੋਸੁਲ ਤੋਂ ਬੱਚ ਕੇ ਨਿਕਲੇ ਹਰਜੀਤ ਸਿੰਘ ਦੀ ਹੱਢਬੀਤੀ ‘ਤੇ ਸਾਨੂੰ ਪਤਾ ਚੱਲਿਆ। ਹਰਜੀਤ ਸਿੰਘ ਨੇ ਕਿਹਾ ਕਿ 40 ਲੋਕ ਆਈਐਸ ਦੇ ਬੰਧਕ ਸੀ, ਮੈਂ ਇਕੱਲਾ ਬਚਿਆ। ਮੋਸੁਲ ‘ਚ ਇਰਬਿਲ ਜਾਣ ਦੇ ਰਾਹ ‘ਚ ਸਾਰਿਆਂ ਨੂੰ ਮਾਰ ਦਿੱਤਾ ਗਿਆ। ਮੈਂ ਤੁਰੰਤ ਨਿਰਦੇਸ਼ ਦਿੱਤਾ ਕਿ ਮੋਸੁਲ ਦੇ ਨੇੜੇ-ਤੇੜੇ ਚੱਪਾ ਚੱਪਾ ਛਾਣ ਮਾਰੋ, ਕਿਤੇ ਤਾਂ ਲਾਸ਼ ਮਿਲੇਗੀ, ਖੂਨ ਦਾ ਧੱਬਾ ਮਿਲੇਗਾ। ਆਮ ਤੌਰ ‘ਤੇ ਆਈਐਸ ਵਾਲੇ ਮ੍ਰਿਤਕਾਂ ਦੀ ਸੂਚੀ ਜਾਰੀ ਕਰਦੇ ਹਨ, ਤਸਵੀਰਾਂ ਜਾਰੀ ਕਰਦੇ ਹਨ। ਨਾ ਤਾਂ ਲਾਸ਼ਾਂ ਮਿਲੀਆਂ, ਨਾ ਖ਼ੂਨ ਦੇ ਧੱਬੇ ਅਤੇ ਨਾ ਹੀ ਕੋਈ ਵੀਡੀਓ ਜਾਂ ਤਸਵੀਰਾਂ। ਅਸੀਂ ਉਦੋਂ ਤੋਂ ਹੀ ਭਾਰਤੀ ਨਾਗਰਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ। ਸੁਸ਼ਮਾ ਸਵਰਾਜ ਨੇ ਕਿਹਾ ਕਿ ਇਰਾਕ ‘ਚ 39 ਭਾਰਤੀਆਂ ਦੀ ਮੌਤ ਦੇ ਸਬੂਤ ਮਿਲੇ ਬਿਨਾਂ ਫਾਈਲ ਬੰਦ ਨਹੀਂ ਹੋਵੇਗੀ। ਦੱਸ ਦੇਈਏ ਕਿ ਤਿੰਨ ਸਾਲ ਪਹਿਲਾਂ ਇਰਾਕ ਦੇ ਮੋਸੁਲ ਤੋਂ 39 ਭਾਰਤੀਆਂ ਨੂੰ ਆਈਐਸ ਦੇ ਅੱਤਵਾਦੀਆਂ ਨੇ ਅਗਵਾ ਕੀਤਾ ਸੀ। ਮੋਸੁਲ ਨੂੰ ਆਈਐਸ ਦੇ ਕਬਜ਼ੇ ਤੋਂ ਛੁਡਾਇਆ ਜਾ ਚੁਕਿਆ ਹੈ। ਭਾਰਤ ਨੂੰ ਉਮੀਦ ਹੈ ਕਿ ਹੁਣ ਉਨ੍ਹਾਂ ਦਾ ਪਤਾ ਲਾਇਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਵਿਰੋਧ ਧਿਰ ਦੋਸ਼ ਲਾ ਰਹੀ ਹੈ ਕਿ ਸੁਸ਼ਮਾ ਸਵਰਾਜ ਨੇ ਇਸ ਮੁੱਦੇ ‘ਤੇ ਦੇਸ਼ ਨੂੰ ਗੁਮਰਾਹ ਕੀਤਾ ਹੈ।

Be the first to comment

Leave a Reply