ਇਰਾਕ ‘ਚ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ ਪਹੁੰਚਣ ‘ਚ ਲੱਗੇਗਾ ਹਫ਼ਤੇ ਦਾ ਸਮਾਂ-ਸੁਸ਼ਮਾ ਸਵਰਾਜ

ਇਸਲਾਮਿਕ ਸਟੇਟ (ਆਈ. ਐਸ.) ਦੇ ਅੱਤਵਾਦੀਆਂ ਵਲੋਂ ਇਰਾਕ ‘ਚ ਮਾਰੇ ਗਏ 39 ਭਾਰਤੀਆਂ ਦੀਆਂ ਅਸਥੀਆਂ ਨੂੰ ਹਫ਼ਤੇ ਭਰ ‘ਚ ਭਾਰਤ ਲਿਆਂਦਾ ਜਾਵੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਇੱਥੇ ਪੀੜਤ ਪਰਿਵਾਰਾਂ ਨਾਲ ਕਰੀਬ 45 ਮਿੰਟ ਮੁਲਾਕਾਤ ਕਰ ਕੇ ਉਨ੍ਹਾਂ ਨੂੰ ਇਹ ਭਰੋਸਾ ਦਿਵਾਇਆ। ਸੂਤਰਾਂ ਅਨੁਸਾਰ ਸੁਸ਼ਮਾ ਨੇ ਕਿਹਾ ਕਿ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਖ਼ੁਦ ਇਰਾਕ ਜਾ ਕੇ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਵੀ. ਕੇ. ਸਿੰਘ ਦੇ ਜਲਦ ਹੀ ਇਕ ਕਾਰਗੋ ਜਹਾਜ਼ ‘ਚ ਇਰਾਕ ਜਾਣ ਦੀ ਸੰਭਾਵਨਾ ਹੈ। ਦੱਸਣਯੋਗ ਹੈ ਕਿ ਪੀੜਤ ਪਰਿਵਾਰ ਅਸਥੀਆਂ ਦੀ ਸਪੁਰਦਗੀ ‘ਚ ਹੋਣ ਵਾਲੀ ਦੇਰੀ ਅਤੇ ਕੇਂਦਰ ਵਲੋਂ ਇਸ ਸਬੰਧ ‘ਚ ਕੋਈ ਜਾਣਕਾਰੀ ਮੁਹੱਈਆ ਨਾ ਕਰਵਾਉਣ ‘ਤੇ ਨਾਰਾਜ਼ ਹੋ ਕਿ ਨਾ ਸਿਰਫ਼ ਰਾਜਧਾਨੀ ਦਿੱਲੀ ‘ਚ ਦਰ ਦਰ ਭਟਕ ਰਹੇ ਸੀ, ਸਗੋ ਉਹ ਰੋਸ ਵਜੋਂ ਮੰਗਲਵਾਰ ਨੂੰ ਧਰਨਾ ਦੇਣ ‘ਤੇ ਵੀ ਅੜੇ ਹੋਏ ਸੀ। ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨਾਲ ਮੁਲਾਕਾਤ ਕਰਨ ਗਏ ਇਨ੍ਹਾਂ ਪੀੜਤ ਪਰਿਵਾਰਾਂ ਦੇ ਮੈਂਬਰਾਂ ਨੇ ਸੁਸ਼ਮਾ ਸਵਰਾਜ ਨਾਲ ਆਪਣੀਆਂ ਮਾਲੀ ਔਕੜਾਂ ਵੀ ਸਾਂਝੀਆਂ ਕੀਤੀਆਂ ਕਿਉਂਕਿ ਇਰਾਕ ‘ਚ ਮਾਰੇ ਗਏ ਇਹ ਭਾਰਤੀ ਆਪਣੇ ਪਰਿਵਾਰ ਦੀ ਆਮਦਨ ਦਾ ਜ਼ਰੀਆ ਸਨ। ਵਿਦੇਸ਼ ਮੰਤਰੀ ਨੇ ਨੌਕਰੀਆਂ ਬਾਰੇ ਭਰੋਸਾ ਦਿਵਾਉਣ ਲਈ ਕਾਬਲੀਅਤ ਨੂੰ ਆਧਾਰ ਦੱਸਦਿਆਂ ਕਿਹਾ ਕਿ ਇਸ ਸਬੰਧ ‘ਚ ਕਾਬਲੀਅਤ ਦੇ ਆਧਾਰ ‘ਤੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਅਤੇ ਸਬੰਧਿਤ ਸੂਬੇ ਦੇ ਮੁੱਖ ਮੰਤਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ 20 ਮਾਰਚ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਰਾਜ ਸਭਾ ‘ਚ ਇਰਾਕ ‘ਚ ਭਾਰਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਇਨ੍ਹਾਂ ਦੀਆਂ ਅਸਥੀਆਂ ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਲਿਆਂਦੀਆਂ ਜਾਣਗੀਆਂ। ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਸਭ ਤੋਂ ਪਹਿਲਾਂ ਅਸਥੀਆਂ ਲੈ ਕੇ ਅੰਮ੍ਰਿਤਸਰ ਪਹੁੰਚਣਗੇ ਅਤੇ ਫਿਰ ਪਟਨਾ ਤੇ ਕੋਲਕਾਤਾ ਜਾ ਕੇ ਪੀੜਤ ਪਰਿਵਾਰਾਂ ਨੂੰ ਅਸਥੀਆਂ ਸੌਂਪਣਗੇ।
ਦਿੱਲੀ ‘ਚ ਭਟਕ ਰਹੇ ਹਨ ਇਰਾਕ ‘ਚ ਮਾਰੇ ਗਏ ਪੰਜਾਬੀਆਂ ਦੇ ਪੀੜਤ ਪਰਿਵਾਰ
ਇਰਾਕ ‘ਚ 39 ਭਾਰਤੀਆਂ ਦੇ ਮਾਰੇ ਜਾਣ ਦੀ ਕੇਂਦਰ ਵਲੋਂ ਕੀਤੀ ਗਈ ਪੁਸ਼ਟੀ ਤੋਂ ਬਾਅਦ ਪੀੜਤ ਪਰਿਵਾਰ ਦੂਹਰੀ ਮਾਰ ਝੱਲ ਰਹੇ ਹਨ। ਜਿਥੇ ਇਕ ਪਾਸੇ ਉਹ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਦੀ ਸਪੁਰਦਗੀ ਲਈ ਦਰ-ਬਦਰ ਭਟਕ ਰਹੇ ਹਨ, ਉਥੇ ਉਹ ਮਾਲੀ ਦਿੱਕਤਾਂ ਨਾਲ ਵੀ ਦੋ-ਚਾਰ ਹੋ ਰਹੇ ਹਨ। ਅਜਿਹੇ ਪਰਿਵਾਰਾਂ ‘ਚੋਂ ਪੰਜਾਬ ਨਾਲ ਸਬੰਧਿਤ ਪੀੜਤ ਪਰਿਵਾਰ ਰਾਜਧਾਨੀ ਦਿੱਲੀ ‘ਚ ਡੇਰੇ ਲਾਈ ਬੈਠੇ ਹਨ ਅਤੇ ਕਿਸੇ ਤਰ੍ਹਾਂ ਆਪਣੇ ਪਿਆਰਿਆਂ ਸਬੰਧੀ ਜਾਣਕਾਰੀ ਲੈਣ ਲਈ ਧੱਕੇ ਖਾ ਰਹੇ ਹਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਸਾਰੀਆਂ ਰਸਮੀ ਕਾਰਵਾਈਆਂ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਭਾਰਤ ਵਾਪਸ ਲਿਆਉਣ ਦੀ ਗੱਲ ਕਹੀ ਸੀ। ਪਰ ਉਸ ਸਬੰਧ ‘ਚ ਹੋਰ ਜਾਣਕਾਰੀ ਨਾ ਮਿਲਣ ‘ਤੇ ਉਹ ਦਿੱਲੀ ‘ਚ ਵਿਦੇਸ਼ ਮੰਤਰਾਲੇ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ‘ਚ ਹਨ। ਇਸੇ ਕਵਾਇਦ ‘ਚ ਅੱਜ ਪੀੜਤ ਪਰਿਵਾਰਾਂ ਨੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਨੀਲ ਜਾਖੜ ਤੇ ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਮੁਲਾਕਾਤ ਕੀਤੀ। ਪੰਜਾਬ ਭਵਨ ਵਿਖੇ ਮੁਲਾਕਾਤ ਤੋਂ ਬਾਅਦ ਸੁਨੀਲ ਜਾਖੜ ਨੇ ਕੇਂਦਰ ਦੇ ਅਸੰਵੇਦਨਸ਼ੀਲ ਰਵੱਈਏ ‘ਤੇ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰ ਵਲੋਂ ਇਨ੍ਹਾਂ ਨਾਲ ਮੁਲਾਕਾਤ ਕਰਨ ਦੀ ਥਾਂ ਸਿਰਫ 5 ਵਿਅਕਤੀਆਂ ਨਾਲ ਮੁਲਾਕਾਤ ਦੀ ਸ਼ਰਤ ਲਗਾਉਣੀ ਮੰਦਭਾਗਾ ਹੈ। ਜਾਖੜ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੀ ਗਈ ‘ਮਨ ਕੀ ਬਾਤ’ ‘ਚ ਪੀੜਤ ਪਰਿਵਾਰਾਂ ਲਈ ਹਮਦਰਦੀ ਦਾ ਇਕ ਵੀ ਲਫਜ਼ ਨਾ ਕਹੇ ਜਾਣ ਨੂੰ ਵੀ ਅਫ਼ਸੋਸਨਾਕ ਕਰਾਰ ਦਿੱਤਾ। ਪੀੜਤ ਪਰਿਵਾਰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਮੁਲਾਕਾਤ ਕਰਕੇ ਪੂਰੀ ਜਾਣਕਾਰੀ ਲੈਣ ਲਈ ਯਤਨਸ਼ੀਲ ਹਨ।