ਇੱਕ ਹਫਤੇ ਤੋਂ ਜ਼ਿਆਦਾ ਸਮੋਗ ਦੇ ਕਹਿਰ ਤੋਂ ਬਾਅਦ ਹੁਣ ਫੋਗ ਦਾ ਜ਼ਬਰਦਸਤ ਕਹਿਰ ਦੇਖਣ ਨੂੰ ਮਿਲ ਰਿਹਾ

ਪਟਿਆਲਾ-  ਇੱਕ ਹਫਤੇ ਤੋਂ ਜ਼ਿਆਦਾ ਸਮੋਗ ਦੇ ਕਹਿਰ ਤੋਂ ਬਾਅਦ ਹੁਣ ਫੋਗ (ਧੁੰਦ) ਦਾ ਜ਼ਬਰਦਸਤ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਹਾਲਾਤ ਇਹ ਹਨ ਕਿ ਰਾਤ ਸਮੇਂ ਵਿਜ਼ੀਬਿਲਟੀ ਜ਼ੀਰੋ ਹੋ ਗਈ ਹੈ। ਪਿਛਲੇ 2 ਦਿਨਾਂ ਤੋਂ ਦੇਖਣ ਵਿਚ ਆ ਰਿਹਾ ਹੈ ਕਿ ਰਾਤ 10 ਵਜੇ ਤੱਕ ਤਾਂ ਮੌਸਮ ਠੀਕ ਰਹਿੰਦਾ ਹੈ। ਇਸ ਤੋਂ ਬਾਅਦ ਅਚਾਨਕ ਫੋਗ ਇਕਦਮ ਵਧਦੀ ਹੈ। ਦੇਖਦੇ ਹੀ ਦੇਖਦੇ ਚਾਰੇ ਪਾਸੇ ਧੁੰਦ ਦੀ ਚਾਦਰ ਫੈਲ ਜਾਂਦੀ ਹੈ। ਦਿਖਾਈ ਦੇਣਾ ਇਕਦਮ ਬੰਦ ਹੋ ਜਾਂਦਾ ਹੈ। ਇਸ ਵਿਚ ਖਾਸ ਤੌਰ ਆਵਾਜਾਈ ਜਾਮ ਹੋ ਜਾਂਦੀ ਹੈ। ਧੁੰਦ ਦੇ ਕਹਿਰ ਨੂੰ ਦੇਖਦੇ ਜ਼ਿਲਾ ਪ੍ਰਸ਼ਾਸਨ ਨੇ ਵੀ ਸਕੂਲਾਂ ਦਾ ਟਾਈਮ 9 ਵਜੇ ਤੋਂ ਵਧਾ ਕੇ 10 ਤੱਕ ਕਰ ਦਿੱਤਾ ਹੈ। ਵਿਜ਼ੀਬਿਲਟੀ ਬਹੁਤ ਘੱਟ ਹੋਣ ਕਾਰਨ ਲਗਾਤਾਰ ਹਾਦਸੇ ਵਾਪਰ ਰਹੇ ਹਨ। ਵਿਦਿਆਰਥੀਆਂ ਨੇ ਸਵੇਰੇ ਸਭ ਤੋਂ ਪਹਿਲਾਂ ਸਕੂਲ ਜਾਣਾ ਹੁੰਦਾ ਹੈ। ਦੂਜੇ ਪਾਸੇ ਠੰਡ ਨੇ ਵੀ ਆਪਣੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਤਾਪਮਾਨ ਪਿਛਲੇ ਕਈ ਦਿਨਾਂ ਤੋਂ ਲਗਾਤਾਰ 11 ਤੋਂ 12 ਡਿਗਰੀ ਵਿਚਕਾਰ ਰਿਕਾਰਡ ਕੀਤਾ ਜਾ ਰਿਹਾ ਹੈ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਜਿੱਥੇ ਪਹਿਲਾਂ 29-30 ਡਿਗਰੀ ਦੇ ਵਿਚਕਾਰ ਚੱਲ ਰਿਹਾ ਸੀ, ਉਹ ਹੁਣ 26 ਤੋਂ 27 ਡਿਗਰੀ ਤੱਕ ਪਹੁੰਚ ਗਿਆ ਹੈ। ਧੁੰਦ ਕਾਰਨ ਪਿਛਲੇ ਕਈ ਦਿਨਾਂ ਤੋਂ ਖੁੱਲ੍ਹ ਕੇ ਧੁੱਪ ਨਹੀਂ ਦਿਖਾਈ ਦਿੱਤੀ।   ਰੇਲ ਆਵਾਜਾਈ ਹੋਈ ਲੇਟ : ਧੁੰਦ ਦੇ ਕਹਿਰ ਕਾਰਨ ਰੇਲ ਆਵਾਜਾਈ ਵਿਚ ਲਗਾਤਾਰ ਰੁਕਾਵਟ ਪੈਦਾ ਹੋ ਰਹੀ ਹੈ। ਟਰੇਨਾਂ ਲਗਾਤਾਰ ਲੇਟ ਹਨ। ਰੇਲ ਵਿਭਾਗ ਦੀ ਸਾਈਟ ਅਨੁਸਾਰ ਅੰਬਾਲਾ-ਧੂਰੀ 2 ਘੰਟੇ 13 ਮਿੰਟ ਦੇਰੀ ਨਾਲ, ਹਰਿਦੁਆਰ-ਸ਼੍ਰੀਗੰਗਾਨਗਰ 4 ਘੰਟੇ 13 ਮਿੰਟ ਲੇਟ, ਇੰਟਰਸਿਟੀ 3 ਘੰਟੇ 47 ਮਿੰਟ, ਸ਼੍ਰੀਗੰਗਾਨਗਰ-ਅੰਬਾਲਾ ਕੈਂਟ 5 ਘੰਟੇ 12 ਮਿੰਟ ਦੇਰੀ ਨਾਲ ਰਿਕਾਰਡ ਕੀਤੀ ਗਈ। ਬੱਸਾਂ ਵੀ ਲਗਾਤਾਰ ਦੇਰੀ ਨਾਲ ਚੱਲ ਰਹੀਆਂ ਹਨ। ਸਵੇਰੇ 11 ਵਜੇ ਤੱਕ ਧੁੰਦ ਨਹੀਂ ਹਟਦੀ, ਜਿਸ ਕਾਰਨ ਸਵੇਰ ਦੀਆਂ ਬੱਸਾਂ ਲਗਾਤਾਰ ਦੇਰੀ ਨਾਲ ਚੱਲ ਰਹੀਆਂ ਹਨ।  ਆਏ ਦਿਨ ਕੋਈ ਨਾ ਕੋਈ ਵੱਡਾ ਹਾਦਸਾ ਵਾਪਰ ਰਿਹਾ ਹੈ। ਖਾਸ ਤੌਰ ‘ਤੇ ਸਕੂਲੀ ਬੱਚਿਆਂ ਨਾਲ ਸਬੰਧਤ ਹਾਦਸਿਆਂ ਵਿਚ ਪੂਰੇ ਪੰਜਾਬ ਵਿਚ ਪਿਛਲੇ ਦਿਨੀਂ ਵੱਡਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਛੋਟੀਆਂ-ਮੋਟੀਆਂ ਟੱਕਰਾਂ ਹਰ ਮੋੜ ਅਤੇ ਸੜਕ ‘ਤੇ ਰੋਜ਼ਾਨਾ ਦੇਖਣ ਵਿਚ ਆ ਰਹੀਆਂ ਹਨ। ਵਿਜ਼ੀਬਿਲਟੀ ਬਹੁਤ ਘੱਟ ਹੋਣ ਕਾਰਨ ਲਗਾਤਾਰ ਹਾਦਸਿਆਂ ਦੀ ਗਿਣਤੀ ਵਧ ਰਹੀ ਹੈ।

Be the first to comment

Leave a Reply

Your email address will not be published.


*