ਈਰਾਨ ਵਿਚ ਭਾਰਤ ਦੇ ਚਾਬਹਾਰ ਪੋਰਟ ਪ੍ਰੋਜੈਕਟ ਨੂੰ ਝਟਕਾ

ਤੇਹਰਾਨ — ਈਰਾਨ ਵਿਚ ਭਾਰਤ ਦਾ ਚਾਬਹਾਰ ਪੋਰਟ ਪ੍ਰੋਜੈਕਟ ਉਹ ਪ੍ਰੋਜੈਕਟ ਹੈ ਜੋ ਭਾਰਤ ਨੂੰ ਅਫਗਾਨਿਸਤਾਨ ਦੇ ਇਲਾਵਾ ਯੂਰਪ ਤੱਕ ਪਹੁੰਚਣ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਭਾਰਤ-ਈਰਾਨ ਵਿਚਕਾਰ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਹੋਈ ਸੀ ਪਰ ਈਰਾਨ ਨੇ ਭਾਰਤ ਨੂੰ ਝਟਕਾ ਦਿੰਦੇ ਹੋਏ ਪਾਕਿਸਤਾਨ ਅਤੇ ਚੀਨ ਨੂੰ ਵੀ ਇਸ ਪ੍ਰੋਜੈਕਟ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ ਹੈ। ਇਕ ਅੰਗਰੇਜੀ ਅਖਬਾਰ ਦੀ ਰਿਪੋਰਟ ਮੁਤਾਬਕ ਈਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜਾਰਿਫ ਨੇ ਚਾਬਹਾਰ ਬੰਦਰਗਾਹ ਪ੍ਰੋਜੈਕਟ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਨੇ ਈਰਾਨੀ ਬੰਦਰਗਾਹ ਵਿਚ ਭਾਰਤ ਦੇ ਜੁੜੇ ਹੋਣ ਦੀ ਚਿੰਤਾ ਨੂੰ ਦਬਾਉਂਦੇ ਹੋਏ ਪਾਕਿਸਤਾਨ ਨੂੰ ਕਿਹਾ ਕਿ ਉਹ ਆਪਣੇ ਗਵਾਦਰ ਬੰਦਰਗਾਹ ਨੂੰ ਚਾਬਹਾਰ ਪ੍ਰੋਜੈਕਟ ਨਾਲ ਲਿੰਕ ਕਰੇ। ਜਾਰਿਫ ਨੇ ਆਪਣੀ ਤਿੰਨ ਦਿਨਾਂ ਦੀ ਪਾਕਿਸਤਾਨ ਯਾਤਰਾ ਦੌਰਾਨ ਇਸਲਾਮਾਬਾਦ ਦੇ ਰਣਨੀਤਕ ਅਧਿਐਨ ਦੇ ਇੰਸਟੀਚਿਊਟ ਵਿਚ ਭਾਸ਼ਣ ਦਿੰਦੇ ਹੋਏ ਚੀਨ ਨੂੰ ਵੀ ਇਸ ਪ੍ਰੋਜੈਕਟ ਵਿਚ ਭਾਗ ਲੈਣ ਦੀ ਪੇਸ਼ਕਸ਼ ਕੀਤੀ। ਈਰਾਨ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਅਸੀਂ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ. ਪੀ. ਈ. ਸੀ.) ਵਿਚ ਹਿੱਸੇਦਾਰ ਬਨਣ ਦੀ ਪੇਸ਼ਕਸ਼ ਕੀਤੀ ਸੀ। ਹੁਣ ਅਸੀਂ ਚੀਨ ਅਤੇ ਪਾਕਿਸਤਾਨ ਨੂੰ ਚਾਬਹਾਰ ਵਿਚ ਸ਼ਾਮਲ ਹੋਣ ਦੀ ਪੇਸ਼ਕਸ਼ ਦੇ ਰਹੇ ਹਾਂ। ਕਿਉਂਕਿ ਚਾਬਹਾਰ ਪ੍ਰੋਜੈਕਟ ਨੂੰ ਭਾਰਤ-ਈਰਾਨ ਵਿਚਕਾਰ ਇਕ ਸਫਲ ਸ਼ੁਰੂਆਤ ਦੇ ਰੂਪ ਵਿਚ ਮੰਨਿਆ ਜਾਂਦਾ ਹੈ, ਇਸ ਲਈ ਈਰਾਨ ਦੇ ਵਿਦੇਸ਼ ਮੰਤਰੀ ਦਾ ਇਹ ਬਿਆਨ ਭਾਰਤ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ।