ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਵਾਰਤਾ ਤੋਂ ਕੀਤਾ ਇਨਕਾਰ

ਸਿਉਲ – ਉੱਤਰੀ ਕੋਰੀਆ ਨੇ ਦੱਖਣੀ ਕੋਰੀਆ ਦੇ ਅਧਿਕਾਰੀਆਂ ਨੂੰ ‘ਬੇਸਮਝ ਤੇ ਨਿਕੰਮਾ’ ਦੱਸਦੇ ਹੋਏ ਕਿਹਾ ਕਿ ਮੌਜੂਦਾ ਸਥਿਤੀ ‘ਚ ਉਹ ਸੋਲ ਨਾਲ ਵਾਰਤਾ ਨਹੀਂ ਕਰੇਗਾ। ਇਕ ਦਿਨ ਪਹਿਲਾਂ ਹੀ ਦੋਹਾਂ ਕੋਰੀਆਈ ਦੇਸ਼ਾਂ ਵਿਚਾਲੇ ਵਾਰਤਾ ਰੱਦ ਕਰ ਦਿੱਤੀ ਗਈ ਸੀ। ਦੋਹਾਂ ਦੇਸ਼ਾਂ ਵਿਚਾਲੇ ਬੁੱਧਵਾਰ ਨੂੰ ਉੱਚ ਪੱਧਰੀ ਬੈਠਕ ਹੋਣ ਵਾਲੀ ਸੀ ਪਰ ਅਮਰੀਕਾ ਤੇ ਦੱਖਣੀ ਕੋਰੀਆ ਵਿਚਾਲੇ ਸੰਯੁਕਤ ਫੌਜੀ ਅਭਿਆਸ ਕਾਰਨ ਉੱਤਰੀ ਕੋਰੀਆ ਵਾਰਤਾ ਤੋਂ ਪਿੱਛੇ ਹਟ ਗਿਆ। ਕੇ.ਸੀ.ਐੱਨ.ਏ. ਸਮਾਚਾਰ ਏਜੰਸੀ ਨੇ ਚੋਟੀ ਦੇ ਵਾਰਤਾਕਾਰੀ ਸੋਨ ਗਵਾਨ ਦੇ ਹਵਾਲੇ ਤੋਂ ਕਿਹਾ, ‘ਜਦ ਤਕ ਉੱਤਰੀ ਕੋਰੀਆ-ਦੱਖਣੀ ਕੋਰੀਆ ਵਿਚਾਲੇ ਉੱਚ ਪੱਧਰੀ ਵਾਰਤਾ ਰੋਕਣ ਲਈ ਬਣੀ ਗੰਭੀਰ ਸਥਿਤੀ ਦਾ ਹੱਲ ਨਹੀਂ ਹੁੰਦਾ ਉਦੋਂ ਤਕ ਦੱਖਣੀ ਕੋਰੀਆ ਦੇ ਮੌਜੂਦਾ ਸ਼ਾਸਨ ਨਾਲ ਆਹਮੋ-ਸਾਹਮਣੇ ਬੈਠਣਾ ਆਸਾਨ ਨਹੀਂ ਹੋਵੇਗਾ। ਦੂਜੇ ਪਾਸੇ ਅਮਰੀਕਾ ਨੇ ਕਿਹਾ ਕਿ ਅਗਲੇ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਵਿਚਾਲੇ ਹੋਣ ਵਾਲੀ ਗੱਲਬਾਤ ਲਈ ਉਹ ਅੱਗੇ ਵਧਣ ਲਈ ਤਿਆਰ ਹੈ। ਜ਼ਿਕਰਯੋਗ ਹੈ ਕਿ ਉੱਤਰੀ ਕੋਰੀਆ ਨੇ ਵਾਰਤਾ ਤੋਂ ਹਟਣ ਦੀ ਧਮਕੀ ਦਿੱਤੀ ਹੈ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ, ‘ਜੇਕਰ ਉੱਤਰੀ ਕੋਰੀਆ ਵਾਰਤਾ ਕਰਨਾ ਚਾਹੁੰਦਾ ਹੈ ਤਾਂ ਅਸੀਂ ਉਥੇ ਹੋਵਾਂਗੇ।’ ਨਾਲ ਹੀ ਉਨ੍ਹਾਂ ਕਿਹਾ ਕਿ ਵ੍ਹਾਈਟ ਹਾਊਸ ਨੇ ਪ੍ਰੋਗਰਾਮ ‘ਚ ਬਦਲਾਅ ਨਹੀਂ ਕੀਤਾ ਹੈ।