ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਔਰਤ ਤੇ ਉਸ ਦੀ ਧੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਇੱਛਾ ਮੌਤ ਦੀ ਆਗਿਆ ਮੰਗੀ

ਨਵੀਂ ਦਿੱਲੀ – ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਇੱਕ 59 ਸਾਲਾ ਔਰਤ ਤੇ ਉਸ ਦੀ 33 ਸਾਲਾ ਧੀ ਨੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਇੱਛਾ ਮੌਤ ਦੀ ਆਗਿਆ ਮੰਗੀ ਹੈ। ਦੋਵੇਂ ਪੱਠਿਆਂ ਦੀ ਕਮਜ਼ੋਰੀ (ਮਸਕੂਲਰ ਡਾਇਸਟ੍ਰੋਫੀ-muscular dystrophy) ਨਾਲ ਜੂਝ ਰਹੀਆਂ ਹਨ।  ਇਹ ਬਿਮਾਰੀ ਲਾ-ਇਲਾਜ ਹੈ ਪਰ ਇਲਾਜ ਕਰਵਾਉਣ ਨਾਲ ਮਰੀਜ਼ ਬਿਹਤਰ ਮਹਿਸੂਸ ਕਰ ਸਕਦਾ ਹੈ। ਇਹ ਬਿਮਾਰੀ ਛੋਟੀ ਉਮਰੇ ਜ਼ਿਆਦਾ ਹੁੰਦੀ ਹੈ। ਪੀੜਤ ਨੂੰ ਰੁੜ੍ਹਨੀ ਕੁਰਸੀ (ਵ੍ਹੀਲ ਚੇਅਰ) ਦਾ ਸਹਾਰਾ ਲੈਣਾ ਪੈਂਦਾ ਹੈ। ਇਸ ਦਾ ਮਰੀਜ਼ ਕਈ ਵਾਰ ਸਾਹ ਲੈਣ ਤੋਂ ਵੀ ਅਸਮਰੱਥ ਹੋ ਜਾਂਦਾ ਹੈ। ਇਹ ਬਿਮਾਰੀ ਪੀੜ੍ਹੀ ਦਰ ਪੀੜ੍ਹੀ ਵੀ ਚਲਦੀ ਹੋ ਸਕਦੀ ਹੈ। ਸ਼ਸ਼ੀ ਮਿਸ਼ਰਾ ਤੇ ਉਸ ਦੀ ਧੀ ਅਨਾਮਿਕਾ ਮਿਸ਼ਰਾ ਉੱਤਰ ਪ੍ਰਦੇਸ਼ ਦੇ ਕਾਨਪੁਰ ਦੀਆਂ ਰਹਿਣ ਵਾਲੀਆਂ ਹਨ। ਅਨਾਮਿਕਾ ਨੇ ਦੱਸਿਆ ਕਿ ਉਸ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਭਾਰਤ ਦੇ ਮੁੱਖ ਜੱਜ ਜਸਟਿਸ ਦੀਪਕ ਮਿਸ਼ਰਾ ਨੂੰ ਪੱਤਰ ਰਾਹੀਂ ਵਿੱਤੀ ਸਹਾਇਤਾ ਦੇਣ ਜਾਂ ਮੌਤ ਦੀ ਆਗਿਆ ਦੇਣ ਲਈ ਵੀ ਲਿਖ ਚੁੱਕੀ ਹੈ। ਉਸ ਨੇ ਦੱਸਿਆ ਕਿ ਜਦੋਂ ਉਸ ਨੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਤੋਂ ਆਪਣੇ ਇਲਾਜ ਲਈ ਖ਼ੂਨ ਨਾਲ ਚਿੱਠੀ ਲਿਖ ਮਦਦ ਮੰਗੀ ਸੀ ਤਾਂ ਉਨ੍ਹਾਂ ਨੂੰ 50,000 ਰੁਪਏ ਦਾ ਚੈੱਕ ਦਿੱਤਾ ਗਿਆ ਸੀ, ਜੋ ਮਾਵਾਂ-ਧੀਆਂ ਲਈ ਨਾਕਾਫੀ ਸੀ। ਅਨਾਮਿਕਾ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਗੰਗਾ ਮਿਸ਼ਰਾ ਦੀ ਵੀ ਇਸੇ ਬਿਮਾਰੀ ਕਾਰਨ 15 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਨ੍ਹਾਂ ਦੇ ਮਾਤਾ ਨੂੰ 1985 ਵਿੱਚ ਆਪਣੀ ਇਸ ਬਿਮਾਰੀ ਬਾਰੇ ਪਤਾ ਲੱਗਾ ਸੀ। ਉਸ ਦਿਨ ਤੋਂ ਲੈ ਕੇ ਹੁਣ ਤਕ ਉਨ੍ਹਾਂ ਦੋਵਾਂ ਦੀਆਂ ਮਾਂਸਪੇਸ਼ੀਆਂ ਕਮਜ਼ੋਰ ਹੁੰਦੀਆਂ ਜਾ ਰਹੀਆਂ ਹਨ।