ਏਸ਼ੀਆ ਕੱਪ 2018 – ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ 136 ਦੌੜਾਂ ਨਾਲ ਹਰਾਇਆ

ਆਬੂਧਾਬੀ – ਰਾਸ਼ਿਦ ਖਾਨ (ਅਜੇਤੂ 57) ਤੇ ਗੁਲਬਦੀਨ ਨਾਯਬ (ਅਜੇਤੂ42) ਵਿਚਾਲੇ 8ਵੀਂ ਵਿਕਟ ਲਈ 95 ਦੌੜਾਂ ਦੀ ਅਜੇਤੂ ਸਾਂਝੇਦਾਰੀ ਤੋਂ ਬਾਅਦ ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਆਖਰੀ ਗਰੁੱਪ ਮੈਚ ਵਿਚ ਵੀਰਵਾਰ ਨੂੰ 136 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਉਸ ਨੇ ਸ਼੍ਰੀਲੰਕਾ ਨੂੰ ਹਰਾਇਆ ਸੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੇ ਅਫਗਾਨਿਸਤਾਨ ਨੇ ਹਸ਼ਮਤਉੱਲਾ ਸ਼ਾਹਿਦੀ (58) ਦੇ ਅਰਧ ਸੈਂਕੜੇ ਦੇ ਬਾਵਜੂਦ ਆਪਣੀਆਂ 7 ਵਿਕਟਾਂ 41ਵੇਂ ਓਵਰ ਤਕ 160 ਦੌੜਾਂ ‘ਤੇ ਗੁਆ ਦਿੱਤੀਆਂ ਸਨ ਪਰ ਰਾਸ਼ਿਦ ਖਾਨ ਤੇ ਗੁਲਬਦੀਨ ਨਾਯਬ ਨੇ ਆਖਰੀ 10 ਓਵਰਾਂ ਵਿਚ ਮੋਰਚਾ ਸੰਭਾਲਿਆ ਤੇ ਆਪਣੀ ਟੀਮ ਨੂੰ ਮਜ਼ਬੂਤ ਸਕੋਰ ਤਕ ਪਹੁੰਚਾ ਦਿੱਤਾ। ਅਫਗਾਨਿਸਤਾਨ ਨੇ ਆਖਰੀ ਪੰਜ ਓਵਰਾਂ ਵਿਚ 57 ਦੌੜਾਂ ਬਣਾਈਆਂ। 9ਵੇਂ ਨੰਬਰ ਦੇ ਬੱਲੇਬਾਜ਼ ਰਾਸ਼ਿਦ ਨੇ ਸਿਰਫ 32 ਗੇਂਦਾਂ ‘ਤੇ ਅਜੇਤੂ 57 ਦੌੜਾਂ ਵਿਚ 8 ਚੌਕੇ ਤੇ 1 ਛੱਕਾ ਲਾਇਆ, ਜਦਕਿ ਨਾਯਬ ਨੇ 38 ਗੇਂਦਾਂ ‘ਤੇ ਅਜੇਤੂ 42 ਦੌੜਾਂ ਵਿਚ ਪੰਜ ਚੌਕੇ ਲਾਏ। ਸ਼ਾਹਿਦੀ ਨੇ 92 ਗੇਂਦਾਂ ‘ਤੇ 58 ਦੌੜਾਂ ਵਿਚ ਤਿੰਨ ਚੌਕੇ ਲਾਏ। ਓਪਨਰ ਮੁਹੰਮਦ ਸ਼ਹਿਜਾਦ ਨੇ 47 ਗੇਂਦਾਂ ‘ਤੇ 37 ਤੇ ਸਮੀਉੱਲਾਹ ਸ਼ੇਨਵਾਰੀ ਨੇ 18 ਦੌੜਾਂ ਦਾ ਯੋਗਦਾਨ ਦਿੱਤਾ। ਬੰਗਲਾਦੇਸ਼ ਵੱਲੋਂ ਲੈਫਟ ਆਰਮ ਸਪਿਨਰ ਸ਼ਾਕਿਬ ਅਲ ਹਸਨ ਨੇ 10 ਓਵਰਾਂ ਵਿਚ 42 ਦੌੜਾਂ ਦੇ ਕੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ। ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ ਨੇ ਬੇਹੱਦ ਖਰਾਬ ਪ੍ਰਦਰਸ਼ਨ ਕੀਤਾ ਤੇ ਪੂਰੀ ਟੀਮ 42.1 ਓਵਰਾਂ ਵਿਚ 119 ਦੌੜਾਂ ‘ਤੇ ਸਿਮਟ ਗਈ। ਉਸ ਵਲੋਂ ਸਭ ਤੋਂ ਵੱਧ ਦੌੜਾਂ ਸ਼ਾਕਿਬ ਅਲ ਹਸਨ ਨੇ ਬਣਾਈਆਂ। ਉਸ ਨੇ 55 ਗੇਂਦਾਂ ‘ਤੇ 32 ਦੌੜਾਂ ਦੀ ਪਾਰੀ ਖੇਡੀ। ਅਫਗਾਨਿਸਤਾਨ ਲਈ ਮੁਜੀਰ ਉਰ ਰਹਿਮਾਨ, ਗੁਲਬਦੀਨ ਤੇ ਰਾਸ਼ਿਦ ਨੇ 2-2 ਵਿਕਟਾਂ ਲਈਆਂ।