ਐਫ.ਸੀ.ਆਈ. ਗੋਦਾਮਾਂ ਤੋਂ ਲੋਡਿੰਗ ਕਰਨ ਵਾਲਿਆਂ ਨੇ ਠੇਕਾ ਪ੍ਰਣਾਲੀ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ

ਪਟਿਆਲਾ  :  ਐਫ.ਸੀ.ਆਈ. ਵੱਲੋਂ ਠੇਕਾ ਪ੍ਰਣਾਲੀ ਤਹਿਤ ਸ਼ੁਰੂ ਕੀਤੀ ਢੋਆ-ਢੁਆਈ ਨੂੰ ਲੈ ਕੇ ਉਸ ਸਮੇਂ ਮਾਹੌਲ ਤਣਾਅਮਈ ਬਣ ਗਿਆ, ਜਦੋਂ ਲੰਮੇ ਸਮੇਂ ਤੋਂ ਐਫ.ਸੀ.ਆਈ. ਗੋਦਾਮਾਂ ਤੋਂ ਲੋਡਿੰਗ ਕਰਨ ਵਾਲਿਆਂ ਨੇ ਠੇਕਾ ਪ੍ਰਣਾਲੀ ਦਾ ਵਿਰੋਧ ਕੀਤਾ ਅਤੇ ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸੇ ਵੀ ਤਰੀਕੇ ਨਾਲ ਨਵੀਂ ਠੇਕਾ ਨੀਤੀ ਤਹਿਤ ਲੋਡਿੰਗ ਨਹੀਂ ਹੋਣ ਦੇਣਗੇ।

ਫੂਡ ਕਾਰਪੋਰੇਸ਼ਨ ਆਫ ਇੰਡੀਆ ਵਰਕਰਜ਼ ਯੂਨੀਅਨ ਦੇ ਵਰਕਰਾਂ ਸਵੇਰ ਤੋਂ ਹੀ ਠੇਕਾ ਪ੍ਰਣਾਲੀ ਤਹਿਤ ਹੋਣ ਵਾਲੀ ਲੋਡਿੰਗ ਨੂੰ ਰੋਕਣ ਨੂੰ ਲੈ ਕੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਮਾਹੌਲ ਤਣਾਅਮਈ ਬਣਦਾ ਵੇਖਦਾ ਵੱਡੀ ਗਿਣਤੀ ‘ਚ ਪੁਲਿਸ ਫੋਰਸ ਬੁਲਾਉਣੀ ਪਈ, ਜਿਸ ਦੀ ਅਗਵਾਈ ਐਸ.ਪੀ. ਸਿਟੀ ਕੇਸਰ ਸਿੰਘ, ਐਸਡੀਐਮ ਪਟਿਆਲਾ, ਡੀਐਸਪੀ ਸੁਖਅੰਮ੍ਰਿਤ ਸਿੰਘ ਰੰਧਾਵਾ ਕਰ ਰਹੇ ਸਨ। ਇਸ ਮੌਕੇ ਐਫ.ਸੀ.ਆਈ. ਦੇ ਉਚ ਅਧਿਕਾਰੀ ਵੀ ਲੋਡਿੰਗ ਕਰਵਾਉਣ ਨੂੰ ਲੈ ਕੇ ਬਜ਼ਿੱਦ ਨਜ਼ਰ ਆਏ, ਜੋ ਕਹਿ ਰਹੇ ਸਨ ਕਿ ਟੈਂਡਰ ਹੋ ਚੁੱਕੇ ਹਨ, ਜਿਸ ਕਾਰਨ ਲੋਡਿੰਗ ਹਰ ਹਾਲਤ ‘ਚ ਹੋਵੇਗੀ।
ਯੂਨੀਅਨ ਵਰਕਰਾਂ ਨੇ ਕਿਹਾ ਕਿ ਉਹ ਮਰ ਜਾਣਗੇ, ਪ੍ਰੰਤੂ ਕਿਸੇ ਵੀ ਸੂਰਤ ‘ਚ ਲੋਡਿੰਗ ਨਹੀਂ ਹੋਣ ਦੇਣਗੇ। ਪੁਲਿਸ ਅਧਿਕਾਰੀਆਂ ਨੇ ਗੱਲਬਾਤ ਰਾਹੀਂ ਕਈ ਵਾਰ ਯੂਨੀਅਨ ਆਗੂਆਂ ਨੂੰ ਸਹਿਮਤ ਕਰਨਾ ਚਾਹਿਆ, ਪ੍ਰੰਤੂ ਜਦੋਂ ਗੱਡੀਆਂ ‘ਚ ਲੋਡਿੰਗ ਸ਼ੁਰੂ ਕੀਤੀ ਗਈ ਤਾਂ ਵਰਕਰ ਭੜਕ ਉੱਠੇ। ਗੁੱਸੇ ‘ਚ ਆਏ ਵਰਕਰਾਂ ਨੇ ਲੋਡਿੰਗ ਦਾ ਵਿਰੋਧ ਕਰਦਿਆਂ ਅੱਗੇ ਵੱਧਣਾ ਚਾਹਿਆ ਤਾਂ ਵੱਡੀ ਗਿਣਤੀ ‘ਚ ਮੌਜੂਦ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਅੱਗੇ ਵੱਧਣ ਨਾ ਦਿੱਤਾ ਅਤੇ ਲਾਠੀਚਾਰਜ ਰਾਹੀਂ ਉਨ੍ਹਾਂ ਨੂੰ ਖਦੇੜਨਾ ਚਾਹਿਆ, ਪ੍ਰੰਤੂ ਵਰਕਰਾਂ ‘ਚੋਂ ਕਿਸੇ ਇਕ ਨੇ ਆਪਣੇ ਆਪ ‘ਤੇ ਤੇਲ ਸੁੱਟ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਕਰਮਚਾਰੀਆਂ ਨੇ ਉਸ ਨੂੰ ਫੋਰੀ ਦਬੋਚ ਲਿਆ ਅਤੇ ਤੇਲ ਨਾਲ ਭਰੇ ਉਸ ਦੇ ਕੱਪੜੇ ਲੁਹਾ ਦਿੱਤੇ, ਜਿਸ ਦੇ ਬਾਵਜੂਦ ਵਰਕਰਾਂ ਨੇ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੀ ਭੜਾਸ ਕੱਢੀ।
ਆਗੂਆਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੱਢੇ ਗਏ ਵਰਕਰ ਜਲਦ ਬਹਾਲ ਨਹੀਂ ਕੀਤੇ ਜਾਂਦੇ ਤਾਂ ਉਹ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਹੋਣਗੇ ਅਤੇ ਪੰਜਾਬ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਤਰ੍ਹਾਂ ਆਪਣੀਆਂ ਜਾਨਾਂ ਦੇਣ ਤੋਂ ਵੀ ਪਿੱਛੇ ਨਹੀਂ ਹਟਣਗੇ।

Be the first to comment

Leave a Reply