ਓਬਰਾਏ ਵਲੋਂ ਰਾਜਿੰਦਰਾ ਹਸਪਤਾਲ ਤੇ ਮਾਤਾ ਕੁਸ਼ਲਿਆ ਹਸਪਤਾਲ ਵਿਚ ਇਕ ਇਕ ਡਾਇਲਸਿਸ ਮਸ਼ੀਨ ਦਾ ਉਦਘਾਟਨ

ਪਟਿਆਲਾ – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐੱਸ ਪੀ ਸਿੰਘ ਓਬਰਾਏ ਵਲੋਂ ਪਟਿਆਲਾ ਵਿੱਚ ਅੱਜ 2 ਸਰਕਾਰੀ ਹਸਪਤਾਲਾਂ ਵਿਚ ਦੋ ਡਾਇਲਸਿਸ ਮਸ਼ੀਨਾਂ ਟਰੱਸਟ ਵਲੋਂ ਭੇਂਟ ਕੀਤੀਆਂ ਗਈਆਂ।

ਸਭ ਤੋਂ ਪਹਿਲਾਂ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਟਰੱਸਟ ਇੱਕ ਹੋਰ ਡਾਇਲਸਿਸ ਦੀ ਮਸ਼ੀਨ ਦਾ ਉਦਘਾਟਨ ਕੀਤਾ ।
ਇਸ ਤੋਂ ਇਲਾਵਾ ਰਾਜਿੰਦਰਾ ਹਸਪਤਾਲ ਨੂੰ 10 ਵਹੀਲ ਚੇਅਰਜ਼, 8 ਸਟ੍ਰੇਚਰ ਟਰਾਲੀਆਂ ਵੀ ਮਰੀਜ਼ਾਂ ਦੀ ਸਹੂਲਤ ਲਈ ਭੇਂਟ ਕੀਤੀਆਂ ਗਈਆਂ।
ਜ਼ਿਕਰਯੋਗ ਹੈ ਕਿ ਟਰੱਸਟ ਵਲੋਂ ਰਾਜਿੰਦਰਾ ਹਸਪਤਾਲ ਨੂੰ ਪਹਿਲਾਂ ਹੀ 2 ਮਸ਼ੀਨਾਂ ਦਿਤੀਆਂ ਜਾ ਚੁੱਕੀਆਂ ਹਨ ਜਦ ਕਿ ਮਰੀਜ਼ਾਂ ਦੀ ਮੰਗ ਨੂੰ ਵੇਖਦੇ ਹੋਏ ਅੱਜ ਇਕ ਹੋਰ ਮਸ਼ੀਨ ਦਿੱਤੀ ਗਈ ।
ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ ਬੀ ਐੱਸ ਸਿੱਧੂ ਅਤੇ ਮੈਡੀਕਲ ਸੁਪਰਡੈਂਟ ਡਾ ਬੀ ਐੱਸ ਬਰਾੜ ਦੀ ਮੰਗ ਤੇ ਸ. ਓਬਰਾਏ ਨੇ ਰਾਜਿੰਦਰਾ ਹਸਪਤਾਲ ਨੂੰ ਇਕ ਹੋਰ ਡਾਇਲਸਿਸ ਮਸ਼ੀਨ ਦੇਣ ਦਾ ਐਲਾਨ ਕੀਤਾ ।

ਮਾਤਾ ਕੋਸ਼ਲਿਆ ਹਸਪਤਾਲ ਪਟਿਆਲਾ ਵਿਖੇ ਵੀ ਇਕ ਡਾਇਲਸਿਸ ਦੀ ਮਸ਼ੀਨ ਦਾ ਉਦਘਾਟਨ ਡਾ ਐੱਸ ਪੀ ਸਿੰਘ ਓਬਰਾਏ ਵਲੋਂ ਕੀਤਾ ਗਿਆ । ਇਸ ਮੌਕੇ ਤੇ ਐੱਸ ਐੱਮ ਓ ਡਾ ਪਰਮਿੰਦਰ ਕੌਰ ਬਲਗੀਰ ਨੇ ਡਾ ਓਬਰਾਏ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ ।

ਇਸ ਮੌਕੇ ਤੇ ਡਾ ਓਬਰਾਏ ਨੇ ਦੱਸਿਆ ਕਿ ਹੁਣ ਤੱਕ ਟਰੱਸਟ ਵਲੋਂ 150 ਡਾਇਲਸਿਸ ਮਸ਼ੀਨਾਂ ਲਾਈਆਂ ਜਾ ਚੁੱਕੀਆਂ ਹਨ ਅਤੇ ਇਸ ਸਾਲ ਦੇ ਅੰਤ ਤੱਕ 200 ਮਸ਼ੀਨਾਂ ਲਾਉਣ ਦਾ ਟੀਚਾ ਟਰੱਸਟ ਵਲੋਂ ਮਿਥਿਆ ਜਾ ਚੁੱਕਾ ਹੈ ।
ਉਨ੍ਹਾਂ ਕਿਹਾ ਕਿ ਉਤੱਰੀ ਭਾਰਤ ਵਿਚ ਟਰੱਸਟ ਵਲੋਂ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ ਕਿ ਕਿਡਨੀ ਦੇ ਮਰੀਜ਼ਾਂ ਨੂੰ ਦੂਰ ਦੁਰਾਡੇ ਨਾ ਜਾਣਾ ਪਵੇ ਅਤੇ ਹਰ 25 ਕਿਲੋਮੀਟਰ ਤੇ ਡਾਇਲਸਿਸ ਦੀ ਸਹੂਲਤ ਮਿਲ ਸਕੇ ।

ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਟਰੱਸਟ ਦੇ ਪ੍ਰਧਾਨ ਜੱਸਾ ਸਿੰਘ, ਸਕੱਤਰ ਗਗਨਦੀਪ ਸਿੰਘ ਆਹੂਜਾ, ਸਲਾਹਕਾਰ ਸਿਹਤ ਸੇਵਾਵਾਂ ਡਾ. ਡੀ ਐੱਸ ਗਿੱਲ, ਡਾਇਰੈਕਟਰ ਅਮਰ ਸਿੰਘ ਆਜ਼ਾਦ, ਅਡਮੀਨਸਟ੍ਰੇਟਰ ਸਿਹਤ ਕੇ ਐੱਸ ਗਰੇਵਾਲ ਮੌਜੂਦ ਸਨ।