‘ਓਲਾ’ ਨੇ ਆਸਟ੍ਰੇਲੀਆ ‘ਚ ਫੈਲਾਏ ਪੈਰ, ਮੈਲਬੌਰਨ ‘ਚ ਸ਼ੁਰੂ ਕੀਤੀ ਸੇਵਾ

ਭਾਰਤੀ ਕੈਬ ਸੇਵਾ ਪ੍ਰਦਾਤਾ ਕੰਪਨੀ ਓਲਾ ਨੇ ਆਸਟ੍ਰੇਲੀਆਈ ਬਾਜ਼ਾਰ ਵਿਚ ਆਪਣੀਆਂ ਸੇਵਾਵਾਂ ਦਾ ਵਿਸਥਾਰ ਕਰਦੇ ਹੋਏ ਮੈਲਬੌਰਨ ‘ਚ ਪਰਿਚਾਲਨ ਸ਼ੁਰੂ ਕੀਤਾ ਹੈ। ਕੰਪਨੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਫਰਵਰੀ ਵਿਚ ਓਲਾ ਨੇ ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ ਵਿਚ ਕੈਬ ਸੇਵਾ ਸ਼ੁਰੂ ਕਰ ਕੇ ਆਸਟ੍ਰੇਲੀਆ ਬਾਜ਼ਾਰ ਵਿਚ ਕਦਮ ਰੱਖਿਆ ਸੀ।
ਕੰਪਨੀ ਨੇ ਇਕ ਬਿਆਨ ਵਿਚ ਕਿਹਾ, ”ਆਸਟ੍ਰੇਲੀਆ ਵਿਚ ਓਲਾ ਨੂੰ ਸਕਾਰਾਤਮਕ ਪ੍ਰਤੀਕਿਰਿਆ ਮਿਲ ਰਹੀ ਹੈ।” ਓਲਾ ਦੇ ਉੱਪ ਪ੍ਰਧਾਨ (ਕੌਮਾਂਤਰੀ ਕਾਰੋਬਾਰ ਦੇ ਮੁਖੀ) ਚੰਦਰਾ ਨਾਥ ਨੇ ਕਿਹਾ, ”ਸਾਨੂੰ ਪਰਥ ਅਤੇ ਸਿਡਨੀ ਵਿਚ ਯਾਤਰੀਆਂ ਅਤੇ ਡਰਾਈਵਰਾਂ ਤੋਂ ਇਕੋ ਜਿਹੀ ਪ੍ਰਤੀਕਿਰਿਆ ਮਿਲੀ ਹੈ ਅਤੇ ਅਸੀਂ ਓਲਾ ਨੂੰ ਹੁਣ ਮੈਲਬੌਰਨ ਵਿਚ ਸ਼ੁਰੂ ਕਰਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਉਂਝ ਏਸ਼ੀਆਈ ਬਾਜ਼ਾਰ ਵਿਚ ਓਲਾ ਦੀ ਮੁੱਖ ਮੁਕਾਬਲੇਬਾਜ਼ ਉਬੇਰ ਹੈ। ਮੌਜੂਦਾ ਸਮੇਂ ਵਿਚ ਉਬੇਰ 19 ਸ਼ਹਿਰਾਂ ‘ਚ ਪਰਿਚਾਲਨ ਕਰ ਰਹੀ ਹੈ।