ਔਰਤ ਦੀ ਗਲਾ ਘੁੱਟ ਕੇ ਕਤਲ ਕਰਨ ਦੀ ਖ਼ਬਰ, ਰਸੋਈ ‘ਚੋਂ ਮਿਲੀ ਲਾਸ਼

ਲੁਧਿਆਣਾ – ਸੋਮਵਾਰ ਸਵੇਰੇ ਮਾਧੋਪੁਰੀ ਇਲਾਕੇ ਵਿਚ ਇਕ ਔਰਤ ਦੀ ਗਲਾ ਘੁੱਟ ਕੇ ਕਤਲ ਕਰਨ ਦੀ ਖ਼ਬਰ ਮਿਲੀ ਹੈ। ਘਟਨਾ ਦਾ ਪਤਾ ਸੋਮਵਾਰ ਸਵੇਰੇ ਲੱਗਾ, ਜਦੋਂ ਮ੍ਰਿਤਕਾ ਦਾ ਪੁੱਤਰ ਉੱਪਰਲੀ ਮੰਜ਼ਿਲ ਤੋਂ ਹੇਠਾਂ ਵੱਲ ਆਇਆ । ਮ੍ਰਿਤਕਾ ਦੀ ਪਛਾਣ 55 ਸਾਲਾ ਅਮਰਜੀਤ ਕੌਰ ਦੇ ਰੂਪ ਵਿਚ ਹੋਈ ਹੈ । ਸੂਚਨਾ ਮਿਲਣ ਤੋਂ ਬਾਅਦ, ਏ. ਸੀ. ਪੀ. ਸੈਂਟਰਲ ਮਨਦੀਪ ਸਿੰਘ, ਥਾਣਾ ਡਵੀਜ਼ਨ ਨੰ. 3 ਇੰਚਾਰਜ ਸੰਜੀਵ ਕਪੂਰ ਪੁਲਸ ਪਾਰਟੀ ਸਮੇਤ ਅਤੇ ਡਾਗ ਸਕੁਐਡ ਮੌਕੇ ‘ਤੇ ਪੁੱਜੇ । ਉਥੇ ਫਿੰਗਰ ਪ੍ਰਿੰਟਸ ਐਕਸਪਰਟ ਟੀਮ ਦੇ ਸਬ-ਇੰਸਪੈਕਟਰ ਜਤਿੰਦਰ ਸਿੰਘ ਨੇ ਕਈ ਲੋਕਾਂ ਦੇ ਫਿੰਗਰ ਪ੍ਰਿੰਟ ਕਬਜ਼ੇ ਵਿਚ ਲੈ ਲਏ ।   ਮ੍ਰਿਤਕਾ ਦੇ ਬੇਟੇ ਯੁੱਧ ਨੇ ਦੱਸਿਆ ਕਿ ਉਹ ਘਰ ਦੀ ਦੂਜੀ ਮੰਜ਼ਿਲ ਉੱਤੇ ਰਹਿੰਦਾ ਹੈ, ਜਦੋਂ ਕਿ ਉਸਦੀ ਮਾਂ ਗਰਾਊਂਡ ਫਲੋਰ ‘ਤੇ ਰਹਿੰਦੀ ਸੀ । ਘਰ ਦੀ ਪਹਿਲੀ ਮੰਜ਼ਿਲ ‘ਤੇ ਬਣੇ ਕਮਰੇ ਵਿਚ ਕਰੀਬ 15-20 ਪ੍ਰਵਾਸੀ ਮਜ਼ਦੂਰ ਕਿਰਾਏ ‘ਤੇ ਰਹਿੰਦੇ ਹਨ । ਐਤਵਾਰ ਰਾਤ ਨੂੰ ਉਹ ਕਾਫ਼ੀ ਸਮੇਂ ਤੱਕ ਮਾਂ ਦੇ ਨਾਲ ਬੈਠਾ ਸੀ । ਰਾਤ ਕਰੀਬ 8 ਵਜੇ ਉਸ ਦੀ ਮਾਂ ਨੇ ਖਾਣਾ ਖਾਧਾ ਸੀ, ਜਿਸਦੇ ਬਾਅਦ ਉਹ 11 ਵਜੇ ਸੌਣ ਲਈ ਚਲਾ ਗਿਆ ।  ਸੋਮਵਾਰ ਸਵੇਰੇ ਕਰੀਬ 9.30 ਜਦੋਂ ਉਹ ਹੇਠਾਂ ਆਇਆ ਤਾਂ ਉਸ ਦੇ ਹੋਸ਼ ਉੱਡ ਗਏ । ਉਸ ਦੀ ਮਾਂ ਦੀ ਲਾਸ਼ ਰਸੋਈ ਵਿਚ ਪਈ ਸੀ । ਉਸ ਦੀ ਮਾਂ ਦੇ ਗਲੇ ਵਿਚ ਰੱਸੀ ਸੀ ।  ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਮ੍ਰਿਤਕਾ ਦੀ ਵੱਡੀ ਬੇਟੀ ਗਗਨਪ੍ਰੀਤ ਕੌਰ ਦੇ ਬਿਆਨ ‘ਤੇ ਅਣਪਛਾਤੇ ਕਾਤਲਾਂ ਖਿਲਾਫ ਕੇਸ ਦਰਜ ਕੀਤਾ ਹੈ । ਪੁਲਸ ਕਈ ਥਿਊਰੀਆਂ ‘ਤੇ ਕੰਮ ਕਰ ਰਹੀ ਹੈ । ਛੇਤੀ ਹੀ ਹੱਤਿਆ ਦੇ ਇਸ ਕੇਸ ਦਾ ਪਰਦਾਫਾਸ਼ ਕੀਤਾ ਜਾਵੇਗਾ ।
ਥਾਣਾ ਇੰਚਾਰਜ ਸੰਜੀਵ ਕਪੂਰ ਨੇ ਦੱਸਿਆ ਕਿ ਅਮਰਜੀਤ ਕੌਰ ਦਾ ਕਤਲ ਸਵੇਰੇ 6.30 ਵਜੇ ਤੋਂ ਬਾਅਦ ਕੀਤਾ ਗਿਆ ਹੈ । ਅਮਰਜੀਤ ਮੋਬਾਇਲ ਦੀ ਵਰਤੋਂ ਕਰਦੀ ਸੀ। ਉਹ ਬੇਟੀ ਦੇ ਨਾਲ ਵਟਸਐਪ ‘ਤੇ ਐਕਟਿਵ ਸੀ । ਸਵੇਰੇ 6.30 ਵਜੇ ਉਸ ਨੇ ਵੱਡੀ ਬੇਟੀ ਗਗਨਪ੍ਰੀਤ ਕੌਰ ਨੂੰ ਗੁਡ ਮਾਰਨਿੰਗ ਦਾ ਮੈਸੇਜ ਵਟਸਐਪ ‘ਤੇ ਭੇਜਿਆ ।
ਮ੍ਰਿਤਕਾ ਅਮਰਜੀਤ ਕੌਰ ਦੇ ਤਿੰਨ ਬੇਟੇ ਹਨ। ਸੂਤਰਾਂ ਅਨੁਸਾਰ ਜਿਸ ਤਰ੍ਹਾਂ ਅਮਰਜੀਤ ਕੌਰ ਦਾ ਕਤਲ ਕੀਤਾ ਗਿਆ ਹੈ, ਉਸ ਤੋਂ ਲੱਗਦਾ ਹੈ ਕਿ ਕਿਸੇ ਕਰੀਬੀ ਰਿਸ਼ਤੇਦਾਰ ਨੇ ਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ । ਪੁਲਸ ਨੂੰ ਵੀ ਇਸ ਹੱਤਿਆ ਵਿਚ ਕਿਸੇ ਕਰੀਬੀ ਰਿਸ਼ਤੇਦਾਰ ‘ਤੇ ਸ਼ੱਕ ਹੋਣ ਦੇ ਪ੍ਰਮਾਣ ਮਿਲੇ ਹਨ ਪਰ ਅਧਿਕਾਰਿਕ ਤੌਰ ‘ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ।

Be the first to comment

Leave a Reply