ਔਰਤ ਨੇ ਘਰ ‘ਚ ਹੀ ਠੇਕਾ ਖੋਲ੍ਹਿਆ ਹੋਇਆ ਸੀ

ਲੁਧਿਆਣਾ-  ਮਹਾਨਗਰ ਦੇ ਵੱਖ-ਵੱਖ ਮੁਹੱਲਿਆਂ ‘ਚ ਨਾਜਾਇਜ਼ ਸ਼ਰਾਬ ਦੀ ਵਿਕਰੀ ਦਾ ਧੰਦਾ ਚਰਮ ਸੀਮਾ ‘ਤੇ ਪਹੁੰਚ ਚੁਕਾ ਹੈ। ਇਸ ਨਾਜਾਇਜ਼ ਧੰਦੇ ਵਿਚ ਮੋਟੀ ਆਮਦਨ ਨੇ ਪੁਰਸ਼ਾਂ ਨਾਲ ਔਰਤਾਂ ਨੂੰ ਵੀ ਇੰਨਾ ਆਕ੍ਰਸ਼ਿਤ ਕੀਤਾ ਹੈ ਕਿ ਉਹ ਵੀ ਘਰ ਵਿਚ ਬੈਠ ਕੇ ਸ਼ਰਾਬ ਦੀ ਵਿਕਰੀ ਕਰਨ ਲੱਗੀਆਂ ਹੋਈਆਂ ਹਨ।  ਇਸ ਦੀ ਤਾਜ਼ਾ ਮਿਸਾਲ ਫੋਕਲ ਪੁਆਇੰਟ ਪੁਲਸ ਵੱਲੋਂ ਵੱਖ-ਵੱਖ ਮਾਰਕੇ ਵਾਲੀਆਂ ਸ਼ਰਾਬ ਦੀਆਂ 52 ਪੇਟੀਆਂ ਸਮੇਤ ਫੜੀ ਗਈ ਔਰਤ ਹੈ, ਜਿਸ ਨੇ ਸ਼ਰਾਬ ਦੀ ਵਿਕਰੀ ਦੇ ਧੰਦੇ ‘ਚ ਆਪਣੇ ਪਤੀ ਦੇ ਸਹਿਯੋਗ ਨਾਲ ਘਰ ‘ਚ ਹੀ ਠੇਕਾ ਖੋਲ੍ਹਿਆ ਹੋਇਆ ਸੀ।
ਏ. ਸੀ. ਪੀ. ਅਮਨਦੀਪ ਬਰਾੜ ਤੇ ਥਾਣਾ ਮੁਖੀ ਬਿਟਨ ਕੁਮਾਰ ਨੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਵਿਸ਼ਵਕਰਮਾ ਕਾਲੋਨੀ ਸਥਿਤ ਸ਼ਰਾਬ ਸਮੱਗਲਰ ਵਿੱਕੀ ਪੁੱਤਰ ਮੀਤਾ ਦੇ ਘਰ ਜਦੋਂ ਛਾਪੇਮਾਰੀ ਕੀਤੀ ਤਾਂ ਪੁਲਸ ਨੂੰ ਉਥੋਂ 43 ਪੇਟੀਆਂ ਡਾਲਰ ਮਾਰਕਾ ਦੇਸੀ ਸ਼ਰਾਬ, 5 ਪੇਟੀਆਂ ਸੰਤਰਾ ਤੇ 4 ਪੇਟੀਆਂ ਇੰਪੀਰੀਅਲ ਬਲੂ ਸ਼ਰਾਬ ਦੀ ਖੇਪ ਮਿਲੀ। ਹਾਲਾਂਕਿ ਛਾਪੇਮਾਰੀ ਦੌਰਾਨ ਮੁਲਜ਼ਮ ਵਿੱਕੀ ਤੇ ਦੀਪਕ ਫਰਾਰ ਹੋਣ ‘ਚ ਸਫਲ ਹੋ ਗਏ ਪਰ ਉਸ ਦੀ ਗੈਰ-ਹਾਜ਼ਰੀ ‘ਚ ਗਾਹਕਾਂ ਨੂੰ ਸ਼ਰਾਬ ਵੇਚਣ ਵਾਲੀ ਉਸ ਦੀ ਪਤਨੀ ਸੀਮਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ।
ਪੁੱਛਗਿੱਛ ਦੌਰਾਨ ਔਰਤ ਨੇ ਸਵੀਕਾਰ ਕੀਤਾ ਕਿ ਉਸ ਦਾ ਪਤੀ ਲੰਬੇ ਸਮੇਂ ਤੋਂ ਸ਼ਰਾਬ ਦੀ ਨਾਜਾਇਜ਼ ਸਮੱਗਲਿੰਗ ਦਾ ਧੰਦਾ ਕਰ ਰਿਹਾ ਹੈ ਅਤੇ ਉਹ ਉਸ ਵਿਚ ਉਸ ਦੀ ਮਦਦ ਕਰਦੀ ਹੈ। ਪੁਲਸ ਨੇ ਮੁਲਜ਼ਮ ਔਰਤ ਨੂੰ ਇਕ ਦਿਨ ਦੇ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

Be the first to comment

Leave a Reply