ਕਠੂਆ ਗੈਂਗਰੇਪ ਕੇਸ ਨੂੰ ਲੈ ਕੇ ਕੈਨੇਡਾ ‘ਚ ਕੱਢਿਆ ਜਾਵੇਗਾ ‘ਕੈਂਡਲ ਮਾਰਚ’

ਭਾਰਤ ‘ਚ ਜੰਮੂ-ਕਸ਼ਮੀਰ ਦੇ ਕਠੂਆ ‘ਚ ਆਸਿਫਾ ਬਾਨੋ ਨਾਂ ਦੀ 8 ਸਾਲਾ ਬੱਚੀ ਨਾਲ ਗੈਂਗਰੇਪ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਦਰਦਨਾਕ ਖਬਰ ਨੇ ਹਰ ਇਕ ਵਿਅਕਤੀ ਦੇ ਦਿਲ ਨੂੰ ਦੁੱਖ ਪਹੁੰਚਾਇਆ ਹੈ। ਇਸ ਮਾਮਲੇ ‘ਚ ਫੜੇ ਗਏ 8 ਦੋਸ਼ੀਆਂ ਦਾ ਨਾਰਕੋ ਟੈਸਟ ਕਰਵਾਉਣ ਦੀ ਮੰਗ ਕੀਤੀ ਗਈ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਭਾਰਤੀ ਭਾਈਚਾਰੇ ਵੱਲੋਂ ਮੋਮਬੱਤੀਆਂ ਜਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ‘ਕੈਂਡਲ ਮਾਰਚ’ ‘ਚ ਵਧ ਤੋਂ ਵਧ ਪੁਰਸ਼ਾਂ ਨੂੰ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਉਹ ਆਪਣੀਆਂ ਧੀਆਂ, ਭੈਣਾਂ, ਮਾਂ, ਪਤਨੀ ਅਤੇ ਦੋਸਤਾਂ ਨੂੰ ਸੁਰੱਖਿਅਤ ਰੱਖਣ ਲਈ ਵਚਨਬੱਧਤਾ ਪ੍ਰਗਟ ਕਰਨ।
‘ਗਲੋਬਲ ਗਰਲ ਪਾਵਰ ਫਾਊਂਡੇਸ਼ਨ’ ਦੇ ਮੈਂਬਰ ਸਿੱਡ ਸਿੱਧੂ, ਬਾਲੀ ਕੇ. ਦਿਓਲ, ਕੇਸੂ ਖੋਸਲਾ ਅਤੇ ਹੋਰ ਬਹੁਤ ਸਾਰੇ ਲੋਕ ਮਿਲ ਕੇ ਆਸਿਫਾ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਨ ਲਈ ਇਕੱਠੇ ਹੋਣਗੇ। ਉਨ੍ਹਾਂ ਦੱਸਿਆ ਕਿ ਸਰੀ ਦੇ ਹੋਲੈਂਡ ਪਾਰਕ ‘ਚ 19 ਅਪ੍ਰੈਲ ਦਿਨ ਵੀਰਵਾਰ ਨੂੰ ਸ਼ਾਮ 5.30 ਤੋਂ 7.30 ਵਜੇ ਤਕ ਉਹ ਸ਼ਾਂਤੀ ਨਾਲ ਇਹ ਪ੍ਰਦਰਸ਼ਨ ਕਰਨਗੇ।
ਤੁਹਾਨੂੰ ਦੱਸ ਦਈਏ ਕਿ ‘ਜਸਟਿਸ ਫਾਰ ਆਸੀਫਾ’ ਦੀ ਮੁਹਿੰਮ ਤਹਿਤ ਭਾਰਤ ‘ਚ ਕਈ ਥਾਵਾਂ ‘ਤੇ ਰੋਸ ਪ੍ਰਦਰਸ਼ਨ ਚੱਲ ਰਹੇ ਹਨ। ਬਹੁਤ ਸਾਰੇ ਲੋਕਾਂ ਵੱਲੋਂ ਮਿਲ ਕੇ ਭਾਰਤੀ ਪ੍ਰਧਾਨ ਮੰਤਰੀ ਮੋਦੀ ਨੂੰ ਨਿਆਂ ਕਰਵਾਉਣ ਲਈ ਅਪੀਲ ਕੀਤੀ ਜਾ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਕੋਈ ਹੋਰ ਅਜਿਹੀ ਘਿਨੌਣੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ।