ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠ ਬੈਠਕ ‘ਚ ਸਾਰੇ 25 ਮਤਿਆਂ ‘ਤੇ ਲੱਗੀ ਮੋਹਰ

ਅੰਮ੍ਰਿਤਸਰ – ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਪ੍ਰਧਾਨਗੀ ਹੇਠ ਬਣੇ 6ਵੇਂ ਜਨਰਲ ਹਾਊਸ ਦੀ ਪਹਿਲੀ ਬੈਠਕ ‘ਚ ਸਾਰੇ 25 ਮਤਿਆਂ ‘ਤੇ ਮੋਹਰ ਲਾ ਦਿੱਤੀ ਗਈ। ਕੌਂਸਲਰਾਂ ਦੇ ਵਾਰਡਾਂ ਦੀਆਂ ਮੁਸ਼ਕਲਾਂ ਨੂੰ ਨੋਟ ਕਰਦਿਆਂ ਹੱਲ ਕਰਨ ਦੇ ਭਰੋਸੇ ਦਿੱਤੇ ਗਏ, ਉਥੇ ਬੈਠਕ ਦੌਰਾਨ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ 211 ਕਰੋੜ ਦੇਣ ਦਾ ਐਲਾਨ ਕਰਦਿਆਂ ਕੌਂਸਲਰਾਂ ਦੀਆਂ ਤਾਲੀਆਂ ਬਟੋਰੀਆਂ। ਸਿੱਧੂ ਨੇ 102 ਕਰੋੜ ਜਾਇਕਾ ਪ੍ਰਾਜੈਕਟ ਤਹਿਤ ਦੇਣ, 9 ਕਰੋੜ ਸਾਲਿਡ ਵੇਸਟ ਪ੍ਰਾਜੈਕਟ ਤਹਿਤ ਅਗਲੇ ਮਹੀਨੇ ਦੇਣ ਸਮੇਤ 100 ਕਰੋੜ ਸ਼ਹਿਰ ਦੇ ਭਲਾਈ ਵਿਕਾਸ ਕੰਮਾਂ ਲਈ ਲਿਆ ਕੇ ਦੇਣ ਦਾ ਭਰੋਸਾ ਦਿੱਤਾ ਪਰ ਇਹ ਪੈਸਾ ਕਿਸ ਤਰ੍ਹਾਂ ਤੇ ਕਦੋਂ ਆਵੇਗਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ। ਸਿੱਧੂ ਨੇ ਕਿਹਾ ਕਿ ਮੈਂ ਭਾਵੇਂ ਕਮਜ਼ੋਰ ਹੋ ਜਾਵਾਂ ਪਰ ਕੌਂਸਲਰਾਂ ਦੀ ਟੀਮ ਨੂੰ ਕਮਜ਼ੋਰ ਨਹੀਂ ਹੋਣ ਦਿਆਂਗਾ, ਆਸ ਤੇ ਵਿਸ਼ਵਾਸ ਦੀ ਰਾਜਨੀਤੀ ਵਿਚ ਜਨਤਾ ਦੀ ਆਵਾਜ਼ ਬੁਲੰਦ ਕਰਦਿਆਂ ਸਹੂਲਤਾਂ ਦੇਣ ਵਿਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਗਲਿਆਰਾ ਹੋਟਲਾਂ ਜ਼ਰੀਏ ਨਿਗਮ ਦੇ ਗੱਲੇ ‘ਚ ਸੌ ਕਰੋੜ ਤੱਕ ਆ ਜਾਵੇਗਾ। 2 ਮਹੀਨਿਆਂ ਵਿਚ ਅੰਮ੍ਰਿਤਸਰ ਦੀਆਂ ਸਟਰੀਟ ਲਾਈਟਾਂ ਜਗਮਗਾ ਜਾਣਗੀਆਂ। ਪਾਰਟੀਬਾਜ਼ੀ ਤੋਂ ਉਠਦਿਆਂ ਹਰੇਕ ਕੌਂਸਲਰ ਨੂੰ ਨਾਲ ਲੈ ਕੇ ਬਿਨਾਂ ਭੇਦਭਾਵ ਦੇ ਗੁਰੂ ਨਗਰੀ ਦੀ ਤਰੱਕੀ ਤੇ ਖੁਸ਼ਹਾਲੀ ਲਈ ਕੰਮ ਕੀਤਾ ਜਾਵੇਗਾ।ਮੇਅਰ ਰਿੰਟੂ ਨੇ ਜਿਥੇ ਕੌਂਸਲਰਾਂ ਦੀਆਂ ਮੁਸ਼ਕਲਾਂ ਸੁਣਦਿਆਂ ਸਵਾਲਾਂ ਦੇ ਜਵਾਬ ਦਿੱਤੇ, ਉਥੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਕੋਲੋਂ ਸ਼ਹਿਰ ਦੇ ਕੰਮਾਂ ਲਈ 100 ਕਰੋੜ ਦੇਣ ਦਾ ਵਾਅਦਾ ਲੈਣ ਵਿਚ ਵੀ ਕਾਮਯਾਬ ਰਹੇ। ਰਿੰਟੂ ਨੇ ਕਿਹਾ ਕਿ ਇਸ ਮਹੀਨੇ ਦੇ ਅਖੀਰ ਵਿਚ ਬਜਟ ਦੀ ਬੈਠਕ ਵੀ ਕੀਤੀ ਜਾਵੇਗੀ। ਉਨ੍ਹਾਂ ਕੌਂਸਲਰਾਂ ਨੂੰ ਕਿਹਾ ਕਿ ਉਹ ਸਿਵਲ, ਸੀਵਰੇਜ, ਪਾਣੀ, ਸਟਰੀਟ ਲਾਈਟਾਂ ਸਬੰਧੀ ਲਿਖ ਕੇ ਜਾਣਕਾਰੀ ਦੇਣ, ਉਹ ਕੰਮ ਅਗਲੀ ਮੀਟਿੰਗ ਵਿਚ ਪਾਏ ਜਾਣਗੇ। ਸਹਿਮਤੀ ਤੋਂ ਬਾਅਦ ਅਧਿਕਾਰੀਆਂ ਦੀ ਤਾਇਨਾਤੀ ਵਿਚ ਕੰਮ ਕਰਵਾਏ ਜਾਣਗੇ। ਪਿਛਲੇ 2 ਸਾਲਾਂ ਤੋਂ ਰੁਕੇ ਵਿਕਾਸ ਦੀ ਰਫਤਾਰ ਤੇਜ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨਿਗਮ ਦੀ ਵਿਗੜੀ ਹਾਲਤ ਦੇ ਸੁਧਾਰ ਲਈ ਸਿੱਧੂ ਸਾਹਿਬ ਵੱਲੋਂ ਦਿੱਤੇ ਜਾ ਰਹੇ 100 ਕਰੋੜ ਦਾ ਸਹੀ ਇਸਤੇਮਾਲ ਕਰਦਿਆਂ ਸ਼ਹਿਰਵਾਸੀਆਂ ਨੂੰ ਸਹੂਲਤਾਂ ਦਿੱਤੀਆਂ ਜਾਣਗੀਆਂ।

Be the first to comment

Leave a Reply