ਕਰਿਆਨੇ ਦੀ ਦੁਕਾਨ ਵਿਚੋਂ ਜਿੰਦਰਾ ਤੋੜ ਕੇ 70 ਹਜ਼ਾਰ ਰੁਪਏ ਲੈ ਕੇ ਫਰਾਰ

ਬਨੂੜ  :- ਬਨੂੜ ਇਲਾਕੇ ਵਿਚ ਚੋਰੀ ਦੀਆਂ ਘਟਨਾਵਾਂ ‘ਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਇਨ੍ਹਾਂ ਵਾਪਰ ਰਹੀਆਂ ਘਟਨਾਵਾਂ ਵਿਚ ਇਕ ਵਾਧਾ ਹੋਰ ਹੋ ਗਿਆ ਜਦੋਂ ਸ਼ਹਿਰ ਦੇ ਵਾਰਡ ਨੰ. 4 ਵਿਚ ਸਥਿਤ ਕਰਿਆਨੇ ਦੀ ਦੁਕਾਨ ਵਿਚੋਂ ਅਣਪਛਾਤੇ ਵਿਅਕਤੀ ਜਿੰਦਰਾ ਤੋੜ ਕੇ 70 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਦੁਕਾਨਦਾਰ ਮੁਹੰਮਦ ਇਸਲਾਮ ਪੁੱਤਰ ਸਲਾਮਤ ਅਲੀ ਜੋ ਕਿ ਵਾਰਡ ਨੰ. 4 ਦਾ ਵਸਨੀਕ ਹੈ ਤੇ ਉਸ ਦੇ ਮਕਾਨ ਵਿਚ ਸਾਹਮਣੇ ਹੀ ਉਸ ਨੇ ਕਰਿਆਨੇ ਦੀ ਦੁਕਾਨ ਕੀਤੀ ਹੋਈ ਹੈ, ਨੇ ਦੱਸਿਆ ਕਿ ਉਹ ਬੀਤੀ ਰਾਤ ਰੋਜ਼ਾਨਾ ਦੀ ਤਰ੍ਹਾਂ ਤਕਰੀਬਨ 11.30 ਵਜੇ ਆਪਣੀ ਦੁਕਾਨ ਬੰਦ ਕਰ ਕੇ ਸਾਹਮਣੇ ਹੀ ਮਕਾਨ ਵਿਚ ਸੌਣ ਲਈ ਚਲਾ ਗਿਆ। ਸਵੇਰੇ ਤਕਰੀਬਨ 4.30 ਜਦੋਂ ਉਸ ਦੀ ਜਾਗ ਖੁੱਲ੍ਹੀ ਅਤੇ ਉਹ ਦੁਕਾਨ ਵੱਲ ਗੇੜਾ ਮਾਰਨ ਲਈ ਗਿਆ ਤਾਂ ਦੁਕਾਨ ਦਾ ਜਿੰਦਰਾ ਟੁੱਟਾ ਹੋਇਆ ਦੇਖ ਕੇ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਦੁਕਾਨ ਵਿਚ ਗਿਆ ਤਾਂ ਉਸ ਨੇ ਗੱਲਾ ਟੁੱਟਾ ਹੋਇਆ ਦੇਖਿਆ। ਗੱਲੇ ਵਿਚ ਰੱਖੇ ਹੋਏ 70 ਹਜ਼ਾਰ ਰੁਪਏ ਗਾਇਬ ਸਨ ਜੋ ਕਿ ਉਸ ਨੇ ਸੀਮਿੰਟ ਲਈ ਰੱਖੇ ਹੋਏ ਸਨ। ਪੀੜਤ ਨੇ ਉਦਾਸ ਮਨ ਨਾਲ ਦੱਸਿਆ ਕਿ ਦੁਕਾਨ ਵਿਚੋਂ ਹੋਰ ਕੋਈ ਸਾਮਾਨ ਚੋਰੀ ਨਹੀਂ ਹੋਇਆ। ਉਸ ਨੇ ਦੁਕਾਨ ਵਿਚ ਹੋਈ ਇਸ ਚੋਰੀ ਬਾਰੇ ਥਾਣਾ ਬਨੂੜ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ। ਸ਼ਹਿਰ ਦੇ ਵਸਨੀਕਾਂ ਨੇ ਪੁਲਸ ਤੋਂ ਰਾਤ ਨੂੰ ਸ਼ਹਿਰ ਵਿਚ ਗਸ਼ਤ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਵਾਪਰ ਰਹੀਆਂ ਘਟਨਾਵਾਂ ਨੂੰ ਠੱਲ੍ਹ ਪਾਈ ਜਾ ਸਕੇ।

Be the first to comment

Leave a Reply