ਕਰੀਬ 7 ਹਜ਼ਾਰ ਲੋਕਾਂ ਨੇ ਕੀਤੀ ਸ਼ਮੂਲੀਅਤ, ਹਿੱਸਾ ਲੈਣ ਵਾਲਿਆਂ ਨੂੰ ਪ੍ਰਮਾਣ ਪੱਤਰ ਤੇ ਟੀ-ਸ਼ਰਟਾਂ ਵੰਡੀਆਂ

ਸੰਗਰੂਰ : ਜ਼ਿਲ੍ਹਾ ਪੁਲਿਸ ਅਤੇ ਸੰਗਰੂਰ ਸਾਈਕਲਿੰਗ ਕਲੱਬ ਵੱਲੋਂ ਨਸ਼ਿਆਂ ਖਿਲਾਫ਼ ਅੱਜ ਸਾਈਕਲ ਰੈਲੀ ਕਰਨ ਦਾ ਦਿੱਤਾ ਗਿਆ ਸੱਦਾ ਉਸ ਵੇਲੇ ਯਾਦਗਾਰੀ ਸਾਬਤ ਹੋ ਗਿਆ ਜਦੋਂ ਹਜ਼ਾਰਾਂ ਲੋਕ ਆਪ ਮੁਹਾਰੇ ਇਸ ਵਿਲੱਖਣ ਸਾਈਕਲ ਰੈਲੀ ਦਾ ਹਿੱਸਾ ਬਣਦੇ ਗਏ। ਲੋਕਾਂ ਵਿੱਚ ਇਸ ਮੁਹਿੰਮ ਪ੍ਰਤੀ ਕਾਫ਼ੀ ਉਤਸ਼ਾਹ ਨਜ਼ਰ ਆਇਆ ਅਤੇ ਸਾਈਕਲਾਂ ਦੇ ਕਰੀਬ ਪੰਜ ਕਿਲੋਮੀਟਰ ਲੰਬੇ ਕਾਫ਼ਲੇ ਵਾਲੀ ਇਸ ਸਾਈਕਲ ਰੈਲੀ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਧਾਇਕਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ ਪ੍ਰਤੀਨਿਧਾਂ, ਪੁਲਿਸ ਤੇ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ, ਸਮਾਜ ਸੇਵਕਾਂ ਸਮੇਤ ਹਜ਼ਾਰਾਂ ਲੋਕਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਜ਼ਿਲ੍ਹੇ ਭਰ ਤੋਂ ਹਜ਼ਾਰਾਂ ਲੋਕਾਂ ਦੇ ਸਾਈਕਲਾਂ ਸਮੇਤ ਪੁਲਿਸ ਲਾਈਨ ਵਿਖੇ ਪੁੱਜਣ ਤੋਂ ਬਾਅਦ ਡਿਪਟੀ ਕਮਿਸ਼ਨਰ ਸ਼੍ਰੀ ਅਮਰਪ੍ਰਤਾਪ ਸਿੰਘ ਵਿਰਕ ਅਤੇ ਐਸ.ਐਸ.ਪੀ ਸ਼੍ਰੀ ਮਨਦੀਪ ਸਿੰਘ ਸਿੱਧੂ ਵੱਲੋਂ ਗੁਬਾਰੇ ਤੇ ਕਬੂਤਰ ਉਡਾ ਕੇ ਸ਼ਾਂਤੀ ਦਾ ਸੰਦੇਸ਼ ਦਿੱਤਾ ਗਿਆ। ਸਾਈਕਲ ਰੈਲੀ ਵਿੱਚ ਵਿਧਾਇਕ ਸੰਗਰੂਰ ਸ਼੍ਰੀ ਵਿਜੇਇੰਦਰ ਸਿੰਗਲਾ, ਵਿਧਾਇਕ ਧੂਰੀ ਸ਼੍ਰੀ ਦਲਵੀਰ ਗੋਲਡੀ, ਵਿਧਾਇਕ ਸੁਨਾਮ ਸ਼੍ਰੀ ਅਮਨ ਅਰੋੜਾ ਅਤੇ ਵਿਧਾਇਕ ਦਿੜ੍ਹਬਾ ਸ਼੍ਰੀ ਹਰਪਾਲ ਸਿੰਘ ਚੀਮਾ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਵਿਧਾਇਕ ਸ਼੍ਰੀ ਸਿੰਗਲਾ ਨੇ ਝੰਡੀ ਦਿਖਾ ਕੇ ਰੈਲੀ ਨੂੰ ਰਵਾਨਾ ਕੀਤਾ। ਇਹ ਸਾਈਕਲ ਰੈਲੀ ਬਡਰੁੱਖਾਂ, ਮਸਤੂਆਣਾ ਸਾਹਿਬ, ਪੁਲਿਸ ਲਾਈਨ, ਮਹਾਂਵੀਰ ਚੌਂਕ, ਛੋਟਾ ਚੌਂਕ, ਬੜਾ ਚੌਂਕ, ਪਟਿਆਲਾ ਗੇਟ, ਫੁਹਾਰਾ ਚੌਂਕ, ਮਿਲਕ ਪਲਾਂਟ ਨੇੜਿਓਂ ਹੁੰਦੀ ਹੋਈ ਕਰੀਬ 16.5 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਮਗਰੋਂ ਗੋਲਡਨ ਵੈਲੀ ਪੈਲੇਸ ਵਿੱਚ ਜਾ ਕੇ ਸਮਾਪਤ ਹੋਈ। ਇਸ ਦੌਰਾਨ ਲੋਕਾਂ ਨੇ ਵੱਖ ਵੱਖ ਥਾਂਵਾਂ ‘ਤੇ ਛਬੀਲ ਲਗਾਈ ਹੋਈ ਸੀ ਅਤੇ ਸਮਾਜ ਸੇਵੀ ਸੰਗਠਨਾਂ ਨੇ ਫੁੱਲਾਂ ਦੀ ਵਰਖਾ ਨਾਲ ਰੈਲੀ ਦਾ ਸਵਾਗਤ ਕੀਤਾ।

Be the first to comment

Leave a Reply