ਕਰਜ਼ੇ ਨਾ ਮੋੜਣ ਵਾਲੇ ਕਿਸਾਨਾਂ ਨੂੰ ਨਵਾਂ ਕਰਜ਼ਾ ਦੇਣਾ ਕੀਤਾ ਬੰਦ

ਚੰਡੀਗੜ੍ਹ: ਬੈਂਕਿੰਗ ਖੇਤਰ ਵਿਚਲੇ ਸੂਤਰਾਂ ਦਾ ਕਹਿਣਾ ਹੈ ਕਿ ਕਰਜ਼ਾ ਮੁਆਫ਼ੀ ਸਬੰਧੀ ਰਾਹਤ ਦੇਣ ਜਾਂ ਸਰਕਾਰ ਵੱਲੋਂ ਫ਼ਸਲੀ ਕਰਜ਼ਿਆਂ ਦੇ ਨਿਪਟਾਰੇ ਸਬੰਧੀ ਕੋਈ ਵੀ ਅਧਿਕਾਰਤ ਚਿੱਠੀ ਬੈਂਕਾਂ ਤੱਕ ਨਹੀਂ ਪੁੱਜੀ। ਪੰਜਾਬ ਵਿਚ ਬੈਂਕਾਂ ਨੇ ਉਨ੍ਹਾਂ ਕਿਸਾਨਾਂ ਨੂੰ ਨਵਾਂ ਕਰਜ਼ਾ ਦੇਣਾ ਬੰਦ ਕਰ ਦਿੱਤਾ ਹੈ ਜਿਹੜੇ ਕਰਜ਼ਾ ਮੁਆਫੀ ਦੀ ਆਸ ਨਾਲ ਕਰਜ਼ਾ ਨਾ ਮੋੜਨ ਕਰਕੇ ਡਿਫਾਲਟਰ ਹੋ ਰਹੇ ਹਨ ਅਤੇ ਸੂਬੇ ਵਿਚ ਬੈਂਕਾਂ ਦੀ ਕਰਜ਼ਾ ਵਸੂਲੀ 60 ਫ਼ੀਸਦੀ ਘਟ ਗਈ ਹੈ।

ਪੰਜਾਬ ਸਰਕਾਰ ਵਲੋਂ ਖੇਤੀ ਕਰਜ਼ਾ ਮੁਆਫ ਕਰਨ ਦਾ ਐਲਾਨ ਕਰਨ ਪਿੱਛੋਂ ਸੂਬੇ ਦੇ ਕਈ ਇਲਾਕਿਆਂ ਵਿਚ ਕਰਜ਼ਾ ਮੁਆਫੀ ਦੀ ਆਸ ਲਾਈ ਬੈਠੇ ਕਿਸਾਨਾਂ ਨੇ ਬੈਂਕਾਂ ਤੋਂ ਲਏ ਕਰਜ਼ੇ ਨੂੰ ਵਾਪਸ ਮੋੜਨਾ ਬੰਦ ਕਰ ਦਿੱਤਾ ਹੈ। ਪੰਜਾਬ ਸਟੇਟ ਲੈਵਲ ਬੈਂਕਰਜ਼ ਕਮੇਟੀ ਦੇ ਕਨਵੀਨਰ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਜਨਰਲ ਮੈਨੇਜਰ ਪੀ. ਐਸ ਚੌਹਾਨ ਨੇ ਦੱਸਿਆ ਕਿ ਖੇਤੀ ਕਰਜ਼ੇ ਦੀ ਵਸੂਲੀ 60 ਫ਼ੀਸਦੀ ਘੱਟ ਗਈ ਹੈ ਕਿਉਂਕਿ ਖਾਤੇ ਅਨਿਯਮਤ (ਇਰਰੈਗੂਲਰ) ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਹੋ ਰਿਹਾ ਹੈ ਕਿਉਂਕਿ ਕਿਸਾਨ ਕਰਜ਼ਾ ਮੁਆਫੀ ਐਲਾਨ ਨੂੰ ਲਾਗੂ ਕੀਤੇ ਜਾਣ ਦਾ ਇੰਤਜ਼ਾਰ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜਿਹੜੇ ਖਾਤੇ ਅਨਿਯਮਤ ਹੋ ਗਏ ਹਨ ਅਸੀਂ ਇਸ ਤਰ੍ਹਾਂ ਦੇ ਕਰਜ਼ਿਆਂ ਵਾਲੇ ਖਾਤੇ ‘ਤੇ ਹੋਰ ਕਰਜ਼ਾ ਨਹੀਂ ਦੇ ਰਹੇ। ਮਿਸਾਲ ਦੇ ਤੌਰ ‘ਤੇ ਜੇਕਰ ਕੋਈ ਡਿਫਾਲਟਰ ਕਿਸਾਨ ਆਪਣੇ ਕਰਜ਼ਾ ਖਾਤੇ ਵਿਚੋਂ ਇਕ ਲੱਖ ਰੁਪਏ ਹੋਰ ਕਰਜ਼ਾ ਲੈਣਾ ਚਾਹੁੰਦਾ ਹੈ ਅਸੀਂ ਇਸ ਦੀ ਇਜਾਜ਼ਤ ਨਹੀਂ ਦੇ ਰਹੇ ਹਾਂ।

ਵਸੂਲੀ ਵਿਚ ਤੇਜ਼ੀ ਲਿਆਉਣ ਲਈ ਬੈਂਕਾਂ ਕਿਸਾਨਾਂ ਨੂੰ ਚਿਤਾਵਨੀ ਦੇ ਰਹੀਆਂ ਹਨ ਕਿ ਜੇਕਰ ਉਨ੍ਹਾਂ ਨੇ ਕਰਜ਼ਿਆਂ ਦੀ ਅਦਾਇਗੀ ਨਾ ਕੀਤੀ ਤਾਂ ਉਨ੍ਹਾਂ ਨੂੰ ਫਸਲੀ ਕਰਜ਼ੇ ‘ਤੇ ਵਿਆਜ਼ ਵਿਚ ਤਿੰਨ ਫ਼ੀਸਦੀ ਛੋਟ ਦਾ ਮਿਲਣ ਵਾਲਾ ਲਾਭ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਕਰਜ਼ਾ ਵਾਪਸ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਵਿਆਜ਼ ਵਿਚ ਮਿਲਣ ਵਾਲੀ ਤਿੰਨ ਫ਼ੀਸਦੀ ਦੀ ਛੋਟ ਨਹੀਂ ਮਿਲੇਗੀ। ਇਸ ਤੋਂ ਇਲਾਵਾ ਉਹ ਨਵੇਂ ਕਰਜ਼ੇ ਦੇ ਯੋਗ ਵੀ ਨਹੀਂ ਹੋਵੇਗਾ।

ਕਿਸਾਨਾਂ ਤੋਂ ਸਹਿਕਾਰੀ ਬੈਂਕਾਂ ਦਾ 3600 ਕਰੋੜ ਰੁਪਏ ਕਰਜ਼ਾ ਅਜੇ ਵਸੂਲਿਆ ਜਾਣਾ ਹੈ। ਕਰਜ਼ਾ ਮੁਆਫੀ ਯੋਜਨਾ ਦੇ ਹਿੱਸੇ ਵਜੋਂ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਪੰਜ ਏਕੜ ਤਕ ਜ਼ਮੀਨ ਦੇ ਮਾਲਕੀ ਵਾਲੇ ਛੋਟੇ ਤੇ ਦਰਮਿਆਨੇ ਕਿਸਾਨਾਂ ਦਾ 2 ਲੱਖ ਰੁਪਏ ਤਕ ਦਾ ਕਰਜ਼ਾ ਮੁਆਫ ਕਰਨ ਦਾ ਐਲਾਨ ਕੀਤਾ ਸੀ ਅਤੇ ਦੂਸਰੇ ਸਾਰੇ ਦਰਮਿਆਨੇ ਕਿਸਾਨਾਂ ਨੂੰ ਉਨ੍ਹਾਂ ਦੀ ਕਰਜ਼ੇ ਦੀ ਰਕਮ ਦਾ ਖਿਆਲ ਨਾ ਕਰਦਿਆਂ 2 ਲੱਖ ਰੁਪਏ ਦੀ ਉਕੀ ਪੁੱਕੀ ਰਾਹਤ ਦੇਣ ਦਾ ਐਲਾਨ ਕੀਤਾ ਸੀ ਜਿਸ ਨਾਲ 5 ਏਕੜ ਤਕ ਜ਼ਮੀਨ ਵਾਲੇ 8.75 ਲੱਖ ਕਿਸਾਨਾਂ ਸਮੇਤ 10.25 ਲੱਖ ਕਿਸਾਨਾਂ ਨੂੰ ਲਾਭ ਮਿਲੇਗਾ।

ਸਰਕਾਰ ਦੇ ਅਨੁਮਾਨ ਮੁਤਾਬਕ ਕਰਜ਼ਾ ਮੁਆਫੀ ਯੋਜਨਾ ਲਾਗੂ ਕਰਨ ਲਈ 9500 ਕਰੋੜ ਰੁਪਏ ਦੀ ਲੋੜ ਹੈ | ਸੂਬਾ ਸਰਕਾਰ ਨੇ ਕਰਜ਼ੇ ਲਈ ਬਜਟ ਵਿਚ 1500 ਕਰੋੜ ਰੁਪਏ ਦੀ ਤਜਵੀਜ਼ ਰੱਖੀ ਹੈ ਕਿਉਂਕਿ ਸਰਕਾਰ ਨੇ ਚਾਰ ਤੋਂ ਪੰਜ ਸਾਲ ਵਿਚ ਖੇਤੀ ਕਰਜ਼ੇ ਨੂੰ ਨਿਬੇੜਨ ਦਾ ਪ੍ਰੋਗਰਾਮ ਬਣਾਇਆ ਹੈ। ਮੌਜੂਦਾ ਸਮੇਂ ਪੰਜਾਬ ਵਿਚ 85000 ਕਰੋੜ ਰੁਪਏ ਖੇਤੀ ਕਰਜ਼ਾ ਹੈ। ਅਧਿਕਾਰੀ ਨੇ ਦੱਸਿਆ ਕਿ ਸਹਿਕਾਰੀ ਬੈਂਕਾਂ ਦੇ 5000 ਕਰੋੜ ਰੁਪਏ ਦੇ ਕਰਜ਼ੇ ਸਮੇਤ ਛੋਟੇ ਤੇ ਬਹੁਤ ਛੋਟੇ ਕਿਸਾਨਾਂ ‘ਤੇ 36000 ਕਰੋੜ ਰੁਪਏ ਦਾ ਕਰਜ਼ਾ ਹੈ।

Be the first to comment

Leave a Reply