ਕਰ ਮਾਮਲੇ ‘ਚ ਰਾਹਤ, ਹੁਣ ਕੈਪਟਨ ਦੇ ਪੁੱਤਰ ‘ਤੇ ਵੀ ਅਦਾਲਤੀ ਮਿਹਰ

ਲੁਧਿਆਣਾ: ਸਿਟੀ ਸੈਂਟਰ ਘੁਟਾਲੇ ਵਿੱਚੋਂ ਵਿਜੀਲੈਂਸ ਵੱਲੋਂ ਕਲੀਨ ਚਿੱਟ ਹਾਸਲ ਕਰਨ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਰਾਹ ‘ਚ ਰੋੜੇ ਬਣੇ ਕੇਸ ਹੁਣ ਪਾਸੇ ਹਟਣੇ ਸ਼ੁਰੂ ਹੋ ਗਏ ਹਨ। ਮੁੱਖ ਮੰਤਰੀ ਦੇ ਸੱਤਾ ਸੰਭਾਲਣ ਦੇ 6 ਮਹੀਨਿਆਂ ਦੇ ਅੰਦਰ-ਅੰਦਰ ਹੀ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਵਿਰੁੱਧ ਦਰਜ ਮਾਮਲੇ ਨਿਬੇੜੇ ਵੱਲ ਰਿੜ੍ਹ ਪਏ ਹਨ। ਅੱਜ ਆਮਦਨ ਕਰ ਵਿਭਾਗ ਵੱਲੋਂ ਦਰਜ ਫੌਜਦਾਰੀ ਮਾਮਲੇ ਵਿੱਚ ਜਾਰੀ ਸੰਮਨ ‘ਤੇ ਰੋਕ ਲਾ ਦਿੱਤੀ ਹੈ।

ਕੈਪਟਨ ਦੇ ਪੁੱਤਰ ਖਿਲਾਫ ਕੇਸ ਸਬੰਧੀ ਇਹ ਹੁਕਮ ਰਣਇੰਦਰ ਦੀ ਅਦਾਲਤ ਵਿੱਚ ਪੇਸ਼ੀ ਤੋਂ ਠੀਕ ਇੱਕ ਦਿਨ ਪਹਿਲਾਂ ਆਏ ਹਨ। ਇਹ ਹੁਕਮ ਵਧੀਕ ਸੈਸ਼ਨ ਜੱਜ ਰਾਜੀਵ ਬੇਰੀ ਨੇ ਜਾਰੀ ਕੀਤੇ ਹਨ, ਜਦਕਿ ਰਣਇੰਦਰ ਨੂੰ ਸੰਮਨ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਜਪਇੰਦਰ ਸਿੰਘ ਨੇ ਜਾਰੀ ਕੀਤੇ ਸਨ। ਸੰਮਨ ‘ਤੇ 7 ਸਤੰਬਰ ਤੱਕ ਰੋਕ ਲਾ ਦਿੱਤੀ ਹੈ। ਇਹ ਮਾਮਲਾ ਆਮਦਨ ਕਰ ਵਿਭਾਗ ਵੱਲੋਂ 2016 ਵਿੱਚ ਵਿਦੇਸ਼ਾਂ ਵਿੱਚ ਜਾਇਦਾਦ ਤੇ ਲੁਕਵੀਂ ਆਮਦਨ ਦੇ ਇਲਜ਼ਾਮ ਹੇਠ ਦਰਜ ਕੀਤਾ ਗਿਆ ਸੀ। ਰਣਇੰਦਰ ਨੂੰ ਪਹਿਲਾਂ ਇਸ ਸਾਲ ਦੇ ਮਾਰਚ ਮਹੀਨੇ ਵਿੱਚ ਅਦਾਲਤ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ ਪਰ ਉਦੋਂ ਉਸ ਨੇ ਅਪੀਲ ਪਾ ਕੇ ਛੋਟ ਲੈ ਲਈ ਸੀ।

ਰਣਇੰਦਰ ‘ਤੇ ਵਿਭਾਗ ਨੇ ਇਲਜ਼ਾਮ ਲਾਏ ਹਨ ਕਿ ਉਹ ਜਾਂਚ ਵਿੱਚ ਸਹਿਯੋਗ ਨਹੀਂ ਦੇ ਰਿਹਾ ਤੇ ਯੂ.ਕੇ. ਤੇ ਦੁਬਈ ਨਾਲ ਸਬੰਧਤ ਪਰਿਵਾਰਕ ਆਮਦਨ ਤੇ ਆਪਣੇ ਟਰੱਸਟਾਂ ਬਾਰੇ ਗ਼ਲਤ ਜਾਣਕਾਰੀ ਦਿੰਦਾ ਆ ਰਿਹਾ ਹੈ। ਇਸ ਕੇਸ ਵਿੱਚ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਇਹ ਟਰੱਸਟ 2005 ਵਿੱਚ ਬਣਾਏ ਗਏ ਸਨ। ਇਨ੍ਹਾਂ ਤੋਂ ਵਪਾਰ ਜ਼ਿਆਦਾਤਰ ਬ੍ਰਿਟਿਸ਼ ਵਰਜਿਨ ਆਇਲੈਂਡ ਦੇ ਰਸਤਿਓਂ ਕੀਤਾ ਗਿਆ। ਇਸ ਸਬੰਧੀ ਦਸਤਾਵੇਜ਼ ਵੀ ਉੱਥੋਂ ਹੀ ਲਿਆਂਦੇ ਗਏ ਹਨ। ਵਿਭਾਗ ਮੁਤਾਬਕ ਕੈਪਟਨ ਦਾ ਪੁੱਤਰ ਵਿਦੇਸ਼ੀ ਪੈਸੇ ਬਾਰੇ ਜਾਣਕਾਰੀ ਵੀ ਸਹੀ ਤਰੀਕੇ ਨਾਲ ਪੇਸ਼ ਕਰਨ ਵਿੱਚ ਅਸਫ਼ਲ ਰਿਹਾ।

Be the first to comment

Leave a Reply