ਕਲਿੰਗਾ-ਉਤਕਲ ਐਕਸਪ੍ਰੈੱਸ ਦੇ 12 ਡੱਬੇ ਲੀਹੋਂ ਲੱਥਣ ਦੇ ਮਾਮਲੇ ਵਿੱਚ ਰੇਲਵੇ ਨੇ ਕਾਰਵਾਈ ਕਰਦਿਆਂ 7 ਵਿੱਚੋਂ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ

ਮੁਜ਼ੱਫ਼ਰਨਗਰ: ਕਲਿੰਗਾ-ਉਤਕਲ ਐਕਸਪ੍ਰੈੱਸ ਦੇ 12 ਡੱਬੇ ਲੀਹੋਂ ਲੱਥਣ ਦੇ ਮਾਮਲੇ ਵਿੱਚ ਰੇਲਵੇ ਨੇ ਕਾਰਵਾਈ ਕਰਦਿਆਂ 7 ਵਿੱਚੋਂ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ ਅਤੇ 3 ਨੂੰ ਛੁੱਟੀ ‘ਤੇ ਭੇਜ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਵਿੱਚ ਖਤੌਲੀ ਨਜ਼ਦੀਕ 19 ਅਗਸਤ 2017 ਨੂੰ ਕਲਿੰਗਾ-ਉਤਕਲ ਐਕਸਪ੍ਰੈੱਸ ਦੇ 12 ਡੱਬੇ ਪਟੜੀ ਤੋਂ ਉੱਤਰ ਗਏ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਗਿਣਤੀ 20 ਤੱਕ ਪਹੁੰਚ ਚੁੱਕੀ ਹੈ, ਜਦਕਿ 92 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ। ਇਨ੍ਹਾਂ ਵਿੱਚ 22 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਵੀ ਸ਼ਾਮਲ ਹਨ। ਜ਼ਖ਼ਮੀਆਂ ਨੂੰ ਮੁਜ਼ੱਫ਼ਰਨਗਰ, ਮੇਰਠ ਅਤੇ ਹਰਿਦੁਆਰ ਦੇ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਸ ਰੇਲ ਹਾਦਸੇ ਦੇ ਪਿੱਛੇ ਰੇਲਵੇ ਦੀ ਲਾਪਰਵਾਹੀ ਸਾਹਮਣੇ ਆਈ ਹੈ। ਕੀਤੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਟ੍ਰੇਨ ਨੂੰ ਮਰੰਮਤ ਕੀਤੇ ਜਾ ਰਹੇ ਟ੍ਰੈਕ ਤੋਂ ਲੰਘਾਇਆ ਗਿਆ। ਹੁਣ ਯੂਪੀ ਏ.ਟੀ.ਐਸ. ਦੇ ਬਿਆਨ ਨੇ ਏਬੀਪੀ ਨਿਊਜ਼ ਦੀ ਪੜਤਾਲ ‘ਤੇ ਮੁਹਰ ਲਗਾ ਦਿੱਤੀ ਹੈ। ਏਟੀਏਸ ਨੇ ਕਿਹਾ ਕਿ ਰੇਲਵੇ ਲਾਈਨ ‘ਤੇ ਮਰੰਮਤ ਦੀ ਵਜ੍ਹਾ ਨਾਲ ਇਹ ਹਾਦਸਾ ਹੋ ਸਕਦਾ ਹੈ।

ਜਦੋਂ ਚਾਰ ਪੱਤਰਕਾਰਾਂ ਦੀ ਟੀਮ ਮੌਕੇ ‘ਤੇ ਪਹੁੰਚੀ ਤਾਂ ਉੱਥੇ ਅਜਿਹੇ ਸੰਦ ਪਾਏ ਗਏ ਜਿਨ੍ਹਾਂ ਨਾਲ ਮੁਰੰਮਤ ਕੀਤੀ ਜਾਂਦੀ ਹੈ। ਉਨ੍ਹਾਂ ਨੂੰ ਟ੍ਰੈਕ ਦੇ ਕੋਲ ਰੈਂਚ, ਵੱਡਾ ਹਥੌੜਾ, ਪਾਨਾ ਅਤੇ ਪੇਚਕਸ ਆਦਿ ਵੀ ਮਿਲੇ। ਇਹ ਸਾਰੇ ਸੰਦ ਰੇਲਵੇ ਦੇ ਹੀ ਸਨ, ਜੋ ਉੱਥੇ ਕੰਮ ਦੌਰਾਨ ਰੱਖੇ ਹੋਏ ਸਨ।

ਜਿਸ ਰੇਲਵੇ ਟ੍ਰੈਕ ‘ਤੇ ਇਹ ਹਾਦਸਿਆ ਹੋਇਆ, ਉੱਥੇ ਟ੍ਰੈਕ ਦਾ ਟੁਕੜਾ ਕੱਟਿਆ ਹੋਇਆ ਮਿਲਿਆ। ਇਸ ਦੇ ਨਾਲ ਹੀ ਦੋ ਲਾਈਨਾਂ ਨੂੰ ਜੋੜਨ ਵਾਲੀ ਫਿਸ਼ ਪਲੇਟ ਵੀ ਮਿਲੀ, ਜੋ ਰੇਲਵੇ ਟ੍ਰੈਕ ਉੱਤੇ ਮਰੰਮਤ ਦਾ ਇੱਕ ਹੋਰ ਪੁਖ਼ਤਾ ਸਬੂਤ ਹੈ।

ਘਟਨਾਸਥਾਨ ਤੋਂ ਕੁਝ ਦੂਰੀ ‘ਤੇ ਲਾਲ ਝੰਡਾ ਪਿਆ ਮਿਲਿਆ। ਆਮ ਤੌਰ ਉੱਤੇ ਇਹ ਲਾਲ ਝੰਡਾ ਟ੍ਰੈਕ ਉੱਤੇ ਮੁਰੰਮਤ ਕਰਨ ਸਮੇਂ ਹੀ ਲਗਾਇਆ ਜਾਂਦਾ ਹੈ।

ਇਸ ਤੋਂ ਇਲਾਵਾ ਮੌਕੇ ‘ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਜਿਸ ਰੇਲਵੇ ਲਾਈਨ ਦੀ ਮੁਰੰਮਤ ਹੋ ਰਹੀ ਸੀ, ਉਸੇ ਟ੍ਰੈਕ ਤੋਂ ਟ੍ਰੇਨ ਤੋਂ ਲੰਘੀ। ਕਈ ਤਾਂ ਇਹ ਵੀ ਕਹਿ ਰਹੇ ਹਨ ਕਿ ਹਾਦਸੇ ਸਮੇਂ ਉੱਥੇ ਰੇਲਵੇ ਕਰਮਚਾਰੀ ਵੀ ਮੌਜੂਦ ਸਨ।

ਉੱਤਰ ਪ੍ਰਦੇਸ਼ ਦੇ ਪ੍ਰਮੁੱਖ ਗ੍ਰਹਿ ਸਕੱਤਰ ਅਰਵਿੰਦ ਕੁਮਾਰ ਮੁਤਾਬਕ ਰੇਲਵੇ ਟ੍ਰੈਕ ‘ਤੇ ਮਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਕਰਮਚਾਰੀਆਂ ਨੇ ਇਸ ਵਿੱਚ ਢਿੱਲ ਵਰਤੀ।

ਘਟਨਾ ਸਥਾਨ ‘ਤੇ ਮੌਜੂਦ ਸਬੂਤ ਦੱਸ ਰਹੇ ਹਨ ਕਿ ਇਸ ਰੇਲ ਹਾਦਸੇ ਦੇ ਪਿੱਛੇ ਰੇਲਵੇ ਦੀ ਬਹੁਤ ਵੱਡੀ ਲਾਪਰਵਾਹੀ ਹੈ, ਪਰ ਰੇਲਵੇ ਨੂੰ ਕਾਰਵਾਈ ਲਈ ਆਪਣੀ ਰਿਪੋਰਟ ਦਾ ਇੰਤਜ਼ਾਰ ਹੈ। ਇਹ ਵੀ ਦੱਸਿਆ ਗਿਆ ਹੈ ਕਿ ਰੇਲ ਲਾਈਨ ‘ਤੇ ਕੰਮ ਜਾਰੀ ਹੋਣ ਸਬੰਧੀ ਕਲਿੰਗ-ਉਤਕਲ ਐਕਸਪ੍ਰੈਸ ਰੇਲ ਗੱਡੀ ਦੇ ਚਾਲਕ ਟੀਮ ਨੂੰ ਸੂਚਨਾ ਨਹੀਂ ਸੀ ਦਿੱਤੀ। ਉੱਧਰ ਸਾਬਕਾ ਰੇਲ ਮੰਤਰੀ ਤੇ ਆਰ.ਜੇ.ਡੀ. ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਸੁਰੇਸ਼ ਪ੍ਰਭੂ ਨੂੰ ਆਪਣੇ ਅਹੁਦੇ ਤੋਂ ਫੌਰਨ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਲੋਕ ਰੇਲਵੇ ਵਿੱਚ ਸਫ਼ਰ ਕਿਵੇਂ ਕਰ ਸਕਦੇ ਹਨ ਜਦੋਂ ਉਨ੍ਹਾਂ ਦੀ ਸੁਰੱਖਿਆ ਦੀ ਕੋਈ ਗਾਰੰਟੀ ਨਹੀਂ ਹੈ।

Be the first to comment

Leave a Reply

Your email address will not be published.


*