ਕਸ਼ਮੀਰੀਆਂ ਦੀ ਹਮਾਇਤ ਜਾਰੀ ਰੱਖੇਗਾ ਪਾਕਿ – ਬਾਜਵਾ

ਇਸਲਾਮਾਬਾਦ  –  ਪਾਕਿਸਤਾਨ ਦੀ ਥਲ ਸੈਨਾ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਜ ਕੰਟਰੋਲ ਰੇਖਾ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪਾਕਿਸਤਾਨ ‘ਸਵੈ ਫੈਸਲੇ’ ਦੇ ਅਧਿਕਾਰ ਲਈ ਕਸ਼ਮੀਰੀਆਂ ਦੇ ਸਿਆਸੀ ਸੰਘਰਸ਼ ਦੀ ਹਮਾਇਤ ਜਾਰੀ ਰੱਖੇਗਾ। ਹਾਜੀ ਪੀਰ ਸੈਕਟਰ ਦੇ ਇਲਾਕਿਆਂ ਦੇ ਦੌਰੇ ਮੌਕੇ ਬਾਜਵਾ ਨੇ ਭਾਰਤੀ ਸੈਨਿਕਾਂ ਵੱਲੋਂ ਗੋਲੀਬੰਦੀ ਦੀ ਕਥਿਤ ਉਲੰਘਣਾ ਅਤੇ ਕਿਸੇ ਹਮਲੇ ਦਾ ਸਾਹਮਣਾ ਕਰਨ ਲਈ ਫੌਜ ਦੀ ਤਿਆਰੀ ਦੀ ਸਥਿਤੀ ਬਾਰੇ ਗੱਲ ਕੀਤੀ। ਥਲ ਸੈਨਾ ਮੁਖੀ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰੀਆਂ ਦੇ ਸੰਘਰਸ਼ ਦੀ ਹਮਾਇਤ ਜਾਰੀ ਰੱਖੇਗਾ। ਸੈਨਿਕਾਂ ਨਾਲ ਵਿਚਾਰ-ਵਟਾਂਦਰੇ ਦੌਰਾਨ ਉਨ੍ਹਾਂ ਕਿਹਾ ਕਿ ‘‘ਅਸੀਂ ਕਸ਼ਮੀਰੀਆਂ ਦੇ ਸਵੈ ਫੈਸਲਾ ਲੈਣ ਦੇ ਅਧਿਕਾਰ ਅਤੇ ਬੁਨਿਆਦੀ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਲਈ ਸਿਆਸੀ ਸੰਘਰਸ਼ ਦੇ ਨਾਲ ਖੜ੍ਹੇ ਰਹਾਂਗੇ।’’ ਬਾਜਵਾ ਨੇ ਦੋਸ਼ ਲਾਇਆ ਕਿ ਭਾਰਤ ਕਸ਼ਮੀਰ ਵਿੱਚ ‘ਰਾਜਕੀ ਅਤਿਵਾਦ’ ਫੈਲਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਨਾ ਸਿਰਫ਼ ਕਸ਼ਮੀਰ ਵਿੱਚ ਲੋਕਾਂ ਖ਼ਿਲਾਫ਼ ਹੱਲੇ ਵਿੱਚ ਸ਼ਾਮਲ ਹੈ, ਸਗੋਂ ਉਹ ਕੰਟਰੋਲ ਰੇਖਾ ਦੇ ਪਾਕਿਸਤਾਨ ਵਾਲੇ ਪਾਸੇ ਰਹਿ ਰਹੇ ਲੋਕਾਂ ਦਾ ਵੀ ਵਿਰੋਧੀ ਹੈ। ਕਸ਼ਮੀਰ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਪਾਕਿਸਤਾਨ ਦੇ ਦੋਸ਼ਾਂ ਨੂੰ ਭਾਰਤ ਵਾਰ ਵਾਰ ਰੱਦ ਕਰਦਾ ਆ ਰਿਹਾ ਹੈ।

Be the first to comment

Leave a Reply