ਕਾਂਗਰਸ ਚਲਾਏਗੀ ਅੰਦੋਲਨ ਬਿਕਰਮ ਮਜੀਠੀਆ ਨੂੰ ਜੇਲ ਭੇਜਣ ਤੱਕ : ਸਿੱਧੂ

ਅੰਮ੍ਰਿਤਸਰ  – ਵਿਧਾਨ ਸਭਾ ਹਲਕਾ ਮਜੀਠਾ ‘ਚ ਕਾਂਗਰਸ ਪਾਰਟੀ ਨੇ ਆਪਣਾ ਮਾਝੇ ਦਾ ਜਰਨੈਲ ਸੁਖਜਿੰਦਰਰਾਜ ਸਿੰਘ ਸੁੱਖੀ ਰੰਧਾਵਾ ਨੂੰ ਥਾਪ ਦਿੱਤਾ ਹੈ। ਇਸ ਦੇ ਨਾਲ ਹੀ ਬਿਕਰਮ ਸਿੰਘ ਮਜੀਠੀਆ ਨੂੰ ਸੁੱਖੀ ਰੰਧਾਵਾ ਨੇ ਕਿਹਾ ਹੈ ਕਿ ਉਹ ਵੀ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਚੋਣ ਲੜਨਗੇ ਅਤੇ ਮਜੀਠੀਆ ਵੀ ਇਸੇ ਤਰ੍ਹਾਂ ਕਰ ਕੇ ਉਨ੍ਹਾਂ ਦੀ ਚੁਣੌਤੀ ਸਵੀਕਾਰ ਕਰੇ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਅਤੇ ਵਿਧਾਨ ਸਭਾ ਹਲਕਾ ਮਜੀਠਾ ਦੇ ਇੰਚਾਰਜ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਦੇ ਘਰ ਮਾਝੇ ਦੇ ਕਾਂਗਰਸੀਆਂ ਵੱਲੋਂ ਕੀਤੇ ਗਏ ਇਸ ਇਕੱਠ ਵਿਚ ਜਿਥੇ ਮਾਝੇ ਦੇ 4 ਵਿਧਾਇਕ ਹੀ ਹਾਜ਼ਰ ਸਨ, ਉਥੇ ਮਾਝੇ ਦੇ 2 ਐੱਮ. ਪੀਜ਼ ਦੀ ਗੈਰ-ਹਾਜ਼ਰੀ ਵੀ ਰੜਕਦੀ ਰਹੀ।
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸੁੱਖੀ ਰੰਧਾਵਾ ਨੂੰ ਮਾਝੇ ਦਾ ਜਰਨੈਲ ਐਲਾਨਦਿਆਂ ਕਿਹਾ ਕਿ ਕਾਂਗਰਸ ਨਵੇਂ ਜਰਨੈਲ ਦੀ ਅਗਵਾਈ ਹੇਠ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜੇਲ ਭੇਜਣ ਤੱਕ ਅੰਦੋਲਨ ਜਲਦ ਹੀ ਸ਼ੁਰੂ ਕਰੇਗੀ। ਬਾਅਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਬਿਕਰਮ ਮਜੀਠੀਆ ਮੈਨੂੰ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਆਪਸ ਵਿਚ ਲੜਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜਦੋਂ ਕਿ ਉਹ ਲੋਕਾਂ ਦੀ ਆਵਾਜ਼ ਨੂੰ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚਾਉਣ ਲਈ ਪੂਰਾ ਜ਼ੋਰ ਲਾ ਦੇਣਗੇ। ਸਿੱਧੂ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ‘ਤੇ ਤਾਬੜਤੋੜ ਸ਼ਬਦੀ ਬਾਣ ਚਲਾਏ ਅਤੇ ਉਨ੍ਹਾਂ ਨੂੰ ਪੰਜਾਬ ਦੀ ਅਰਥਵਿਵਸਥਾ ਵਿਗਾੜਨ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ।
ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਪਾਰਟੀ ਨੂੰ ਮਿਲੀ ਸਫਲਤਾ ਦੇ ਜਸ਼ਨ ਸਮਾਗਮ ‘ਚ ਜੁੜ ਬੈਠੇ ਕਾਂਗਰਸੀ ਵਿਧਾਇਕਾਂ ਨੇ ਸੱਦਾ ਦਿੱਤਾ ਕਿ ਸੂਬੇ ਨੂੰ ਨਿਰੰਤਰ 10 ਸਾਲ ਲੁੱਟਣ-ਕੁੱਟਣ ਤੇ ਨਸ਼ਿਆਂ ਵਿਚ ਡੋਬਣ ਵਾਲੇ ਬਾਦਲ ਕੁਨਬੇ ਨੂੰ ਸ਼੍ਰੋਮਣੀ ਕਮੇਟੀ ਤੋਂ ਵੀ ਬਾਹਰ ਕਰਨ ਲਈ ਇਕ ਜਜ਼ਬਾ ਪੈਦਾ ਕੀਤਾ ਜਾਵੇ ਤਾਂ ਜੋ ਸੂਬੇ ਦੀ ਸੱਤਾ ਤੋਂ ਇਲਾਵਾ ਗੁਰਦੁਆਰਾ ਪ੍ਰਬੰਧ ਵਿਚ ਆ ਚੁੱਕੇ ਨਿਘਾਰ ਨੂੰ ਵੀ ਠੱਲ੍ਹ ਪਾਈ ਜਾ ਸਕੇ। ਸਿੱਧੂ ਨੇ ਕਿਹਾ ਕਿ ਬਾਦਲ ਪਰਿਵਾਰ ਉਹ ਹੈ ਜਿਸ ਨੇ ਅਕਾਲੀ ਸਿਆਸਤ ਦੇ ਘਾਗ ਆਗੂ ਡਾ. ਰਤਨ ਸਿੰਘ ਅਜਨਾਲਾ, ਰਣਜੀਤ ਸਿੰਘ ਬ੍ਰਹਮਪੁਰਾ, ਰਾਜ ਮਹਿੰਦਰ ਸਿੰਘ ਮਜੀਠੀਆ, ਸੁਖਦੇਵ ਸਿੰਘ ਢੀਂਡਸਾ ਤੇ ਬਲਵਿੰਦਰ ਸਿੰਘ ਭੂੰਦੜ ਤੱਕ ਨੂੰ ਰੋਲ ਦਿੱਤਾ।  ਹਲਕਾ ਮਜੀਠਾ ਤੋਂ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਦੀ ਜ਼ਿਮਨੀ ਚੋਣ ਦੀ ਜਿੱਤ ਅਕਾਲੀ-ਭਾਜਪਾ ਗਠਜੋੜ ਦੀ ਪੁੱਠੀ ਗਿਣਤੀ ਦੀ ਸ਼ੁਰੂਆਤ ਹੈ। ਉਹ ਹਲਕਾ ਵਾਸੀਆਂ ਨੂੰ ਯਕੀਨ ਦਿਵਾਉਂਦੇ ਹਨ ਕਿ ਨਾ ਨਸ਼ੇ ਵਿਕਣਗੇ ਤੇ ਨਾ ਹੀ ਗੁੰਡਾਗਰਦੀ ਚੱਲੂਗੀ।

Be the first to comment

Leave a Reply