ਕਾਂਗਰਸ ਝੂਠੇ ਰੁਜ਼ਗਾਰ ਮੇਲਿਆਂ ਦੀ ਡਰਾਮੇਬੰਦੀ ਛੱਡ ਕੇ ਕਾਰਗੁਜ਼ਾਰੀ ਵਿਖਾਏ -: ਸੁਖਬੀਰ ਬਾਦਲ

ਲੁਧਿਆਣਾ  : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਆਖਿਆ ਹੈ ਕਿ ਉਹ ਝੂਠੇ ਰੁਜ਼ਗਾਰ ਮੇਲੇ ਲਾਉਣ ਦੇ ਡਰਾਮੇ ਬੰਦ ਕਰੇ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਲਾਏ ਗਏ ਅਖੌਤੀ ਰੁਜ਼ਗਾਰ ਮੇਲੇ ਵਿਚ ਚਾਰ ਲੱਖ ਨੌਜਵਾਨਾਂ ਨੇ ਨੌਕਰੀ ਲਈ ਅਪਲਾਈ ਕੀਤਾ ਸੀ, ਜਿਹਨਾਂ ਵਿਚੋਂ ਸਿਰਫ 300 ਨੌਜਵਾਨਾਂ ਨੂੰ ਨਿਯੁਕਤੀ-ਪੱਤਰ ਦੇ ਕੇ ਕਾਂਗਰਸ ਸਰਕਾਰ ਵੱਲੋਂ ਪੰਜਾਬ ਦੀ ਬੇਰੁਜ਼ਗਾਰੀ ਦੂਰ ਕਰਨ ਦਾ ਢਿੰਡੋਰਾ ਪਿੱਟਿਆ ਗਿਆ ਹੈ।ਇਹ ਕਹਿੰਦਿਆਂ ਕਿ ਪੰਜਾਬ ਸਰਕਾਰ ਨੇ ਤਕਨੀਕੀ ਕਾਲਜਾਂ ਵੱਲੋਂ ਇੱਕ ਦਹਾਕੇ ਤੋਂ ਵੱਧ ਸਮੇਂ ਕੀਤੀ ਜਾ ਰਹੀ ਨੌਕਰੀਆਂ ਦੀ ਭਰਤੀ ਨੂੰ ਆਪਣੀ ਰੁਜ਼ਗਾਰ ਸਕੀਮ ਵਾਸਤੇ ਢਾਲ ਬਣਾਇਆ ਹੈ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਰਕਾਰ ਇਸ ਫਰੰਟ ਉੱਤੇ ਵੀ ਬੁਰੀ ਤਰ੍ਹਾਂ ਨਾਕਾਮ ਸਾਬਿਤ ਹੋਈ ਹੈ। ਸਰਕਾਰ ਵੱਲੋਂ ਆਯੋਜਿਤ ਰੁਜ਼ਗਾਰ ਮੇਲੇ ਪੂਰੀ ਤਰ੍ਹਾਂ ਫਲਾਪ ਹੋ ਗਏ ਹਨ, ਕਿਉਂਕਿ ਤਕਨੀਕੀ ਯੋਗਤਾ ਪ੍ਰਾਪਤ ਵਿਦਿਆਰਥੀਆਂ ਦੀ ਭਰਤੀ ਸੰਬੰਧੀ ਕੋਈ ਮਾਪਦੰਡ ਤੈਅ ਨਹੀਂ ਕੀਤੇ ਗਏ। ਜਿਹਨਾਂ ਵਿਦਿਆਰਥੀਆਂ ਨੂੰ ਇਹਨਾਂ ਮੇਲਿਆਂ ਦੇ ਜ਼ਰੀਏ ਨੂੰ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਗਿਆ ਸੀ, ਉੁਹ ਖੁਦ ਨੂੰ ਠੱਗੇ ਗਏ ਮਹਿਸੂਸ ਕਰ ਰਹੇ ਹਨ। ਇਹ ਆਖਦਿਆਂ ਕਿ ਸੂਬਾ ਸਰਕਾਰ ਸਾਰੇ ਫਰੰਟਾਂ ਉੱਤੇ ਫੇਲ੍ਹ ਹੋ ਚੁੱਕੀ ਹੈ, ਸਰਦਾਰ ਬਾਦਲ ਨੇ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਇਹ ਗੱਲ ਪਹਿਲੀ ਵਾਰ ਵਾਪਰੀ ਹੈ ਕਿ ਸਰਕਾਰ ਆਪਣੇ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਵਿਚ ਵੀ ਨਾਕਾਮ ਹੋ ਗਈ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਨਾਕਾਮੀ ਦਾ ਖਮਿਆਜ਼ਾ ਸਮਾਜ ਦੇ ਹਰ ਵਰਗ ਨੂੰ ਭੁਗਤਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਚਾਹੇ ਇਹ ਬੁਢਾਪਾ ਪੈਨਸ਼ਨ ਹੋਵੇ, ਦਲਿਤ ਵਿਦਿਆਰਥੀਆਂ ਨੂੰ ਵਜ਼ੀਫੇ, ਕੁੜੀਆਂ ਲਈ ਸਾਇਕਲ ਜਾਂ ਕਿਸਾਨਾਂ ਲਈ ਬੀਮੇ ਹੋਣ, ਬੰਦ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇੱਥੋਂ ਤਕ ਕਿ ਵਿਕਾਸ ਕਾਰਜਾਂ ਨੂੰ ਰੋਕ ਦਿੱਤਾ ਗਿਆ ਹੈ। ਸਰਕਾਰ ਨੇ ਪਿੰਡਾਂ ਨੂੰ ਦਿੱਤੀਆਂ ਗਰਾਂਟਾਂ ਵੀ ਵਾਪਸ ਲੈ ਲਈਆਂ ਹਨ। ਬਹੁਤ ਸਾਰੇ ਸ਼ਹਿਰਾਂ ਵਿਚ ਸੀਵਰੇਜ ਦਾ ਕੰਮ ਰੋਕ ਦਿੱਤਾ ਗਿਆ ਹੈ। ਇੱਥੋਂ ਤਕ ਸੜਕਾਂ ਦੀ ਉਸਾਰੀ ਵਾਲੇ ਕੰਮਾਂ ਨੂੰ ਵੀ ਰੋਕ ਦਿੱਤਾ ਗਿਆ ਹੈ। ਸੂਬੇ ਅੰਦਰ ਪ੍ਰਸਾਸ਼ਿਨਕ ਕੰਮਾਂ ਵਿਚ ਇੰਨੀ ਵੱਡੀ ਖੜੋਤ ਇਸ ਤੋਂ ਪਹਿਲਾਂ ਕਦੇ ਨਹੀਂ ਵੇਖੀ ਗਈ।

Be the first to comment

Leave a Reply