ਕਾਂਗਰਸ ਦਾ ਮੋਦੀ ‘ਤੇ ਤੰਜ , ਵੱਡੀਆਂ-ਵੱਡੀਆਂ ਗੱਲਾਂ ਕਰਨ ਨਾਲ ਦੇਸ਼ ਦੇ ਹਾਲਾਤਾਂ ਦੀ ਹਕੀਕਤ ਨਹੀਂ ਲੁਕਦੀ

ਨਵੀਂ ਦਿੱਲੀ— ਕਾਂਗਰਸ ਨੇ ਵਿਸ਼ਵ ਆਰਥਿਕ ਮੰਚ ਦੀ ਬੈਠਕ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਗਏ ਦਾਅਵਿਆਂ ‘ਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਵਿਦੇਸ਼ੀ ਧਰਤੀ ‘ਤੇ ਜਾ ਕੇ ਵੱਡੀਆਂ-ਵੱਡੀਆਂ ਗੱਲਾਂ ਕਰਨ ਨਾਲ ਦੇਸ਼ ਦੇ ਘਰੇਲੂ ਹਾਲਾਤਾਂ ਦੀ ਹਕੀਕਤ ਨਹੀਂ ਲੁਕ ਸਕਦੀ। ਪਾਰਟੀ ਨੇ ਆਪਣੀ ਅਧਿਕਾਰਿਕ ਵੈੱਬਸਾਈਟ ‘ਤੇ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਜੀ, ਵਿਦੇਸ਼ਾਂ ‘ਚ ਜਾ ਕੇ ਬਿਗੁਲ ਵਜਾਉਣ ਨਾਲ ਦੇਸ਼ ‘ਚ ਵੱਜ ਰਹੇ ਅਪ੍ਰਿਯ ਸੰਗੀਤ ਨੂੰ ਦਬਾਇਆ ਨਹੀਂ ਜਾ ਸਕਦਾ। ਪ੍ਰਧਾਨ ਮੰਤਰੀ ਨੇ ਦਾਵੋਸ ‘ਚ ਵਿਸ਼ਵ ਆਰਥਿਕ ਮੰਚ ਦੀ ਬੈਠਕ ‘ਚ ਆਪਣੇ ਉਦਘਾਟਨ ‘ਚ ਭਾਰਤ ਦੀ ਵਿਕਾਸ ਗਾਥਾ ਦਾ ਜ਼ਿਕਰ ਕਰਦੇ ਹੋਏ ਦੁਨੀਆ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸ ਤਰ੍ਹਾਂ ਦੋ ਦਹਾਕੇ ਪਹਿਲਾਂ ਦੀ ਤੁਲਨਾ ‘ਚ ਅੱਜ ਦੇਸ਼ ਦੀ ਜੀ. ਡੀ. ਪੀ. 6 ਗੁਣਾ ਜ਼ਿਆਦਾ ਹੋ ਚੁਕੀ ਹੈ ਅਤੇ ਪਿਛਲੇ ਕੁੱਝ ਸਾਲਾਂ ਦੌਰਾਨ ਇਸ ਨੇ ਜੋ ਰਫਤਾਰ ਫੜੀ ਹੈ, ਉਸ ਨੂੰ ਅੱਜ ਭਾਰਤ ਨੇ ਵਿਸ਼ਵ ‘ਚ ਨਿਵੇਸ਼, ਨਵੀਨਤਾ ਅਤੇ ਸੰਪੂਰਨ ਵਿਕਾਸ ਦਾ ਸਭ ਤੋਂ ਆਕਰਸ਼ਕ ਸਥਾਨ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇਸ ਮੌਕੇ ‘ਤੇ ਨਾ ਸਿਰਫ ਦੇਸ਼ ਦੇ ਵਿਕਾਸ ਦੀ ਗਾਥਾ ਦਾ ਹਵਾਲਾ ਦਿੱਤਾ ਬਲਕਿ ਦੇਸ਼ ‘ਚ ਆਏ ਵੱਡੇ ਬਦਲਾਅ ਦੇ ਕਾਰਣਾਂ ਦਾ ਵੀ ਵਿਸਥਾਰ ਨਾਲ ਜ਼ਿਕਰ ਕੀਤਾ। ਉਨ੍ਹਾਂ ਨੇ ਭਾਰਤ ਨੂੰ ਸ਼ਾਂਤੀ, ਸਦਭਾਵਨਾ ਅਤੇ ਸਮੁੱਚੇ ਤੌਰ ‘ਤੇ ਸਮਰਪਿਤ ਦੇਸ਼ ਦੇ ਰੂਪ ਵਜੋਂ ਪੇਸ਼ ਕੀਤਾ ਅਤੇ ਵਿਸ਼ਵ ਸਮਾਰੋਹ ਨੂੰ ਭਾਰਤ ‘ਚ ਨਿਵੇਸ਼ ਲਈ ਇਕ ਖੁੱਲ੍ਹਾ ਸੱਦਾ ਦਿੱਤਾ।

Be the first to comment

Leave a Reply