ਕਾਂਗਰਸ ਦੇ ਝੂਠੇ ਵਾਅਦਿਆਂ ਕਾਰਨ ਹੋ ਰਹੀਆਂ ਨੇ ਖੁਦਕੁਸ਼ੀਆਂ- ਹਰਸਿਮਰਤ ਬਾਦਲ

ਚੰਡੀਗੜ : ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰੋਬਾਰ ਖੜ੍ਹੇ ਕਰਨ ਲਈ ਮੰਤਰਾਲੇ ਦੀਆਂ ਵਿਭਿੰਨ ਸਕੀਮਾਂ ਦਾ ਲਾਭ ਉਠਾਉਂਦੇ ਹੋਏ ਫੂਡ ਪ੍ਰੋਸੈਸਿੰਗ ਵਿਚ ਇੱਕ ਵੱਡੀ ਲੋਕ ਲਹਿਰ ਵਿਚ ਤਬਦੀਲ ਕਰ ਦੇਣ। ਉਹਨਾਂ ਕਿਹਾ ਕਿ ਮੰਤਰਾਲੇ ਦੀ ਸੰਪਦਾ ਅਤੇ ਦੂਜੀਆਂ ਸਕੀਮਾਂ ਦਾ ਫਾਇਦਾ ਲੈਂਦੇ ਹੋਏ ਕਿਸਾਨ ਮੈਗਾ ਫੂਡ ਪਾਰਕਾਂ ਦਾ ਹਿੱਸਾ ਬਣ ਜਾਣ ਜਾਂ ਆਪਣੇ ਛੋਟੇ ਕਲੱਸਟਰਜ਼ ਬਣਾ ਲੈਣ। ਇਸ ਸਾਲ ਨਵੀਂ ਦਿੱਲੀ ਵਿਖੇ 3 ਨਵੰਬਰ ਤੋਂ 5 ਨਵੰਬਰ ਤੱਕ ਲਗਾਏ ਜਾ ਰਹੇ ਵਰਲਡ ਫੂਡ ਇੰਡੀਆ ਮੇਲੇ ਦੇ ਪ੍ਰਚਾਰ ਲਈ ਕੀਤੇ ਰੋਡ ਸ਼ੋਅ ਦੇ ਅੰਗ ਵਜੋਂ ਇੱਥੇ ਸੀਆਈਆਈ ਵਿਖੇ ਇੱਕ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬੀਬੀ ਬਦਲ ਨੇ ਕਿਹਾ ਕਿ ਉਹਨਾਂ ਦੀ ਸਭ ਤੋਂ ਵੱਡੀ ਪ੍ਰਮੁੱਖਤਾ ਛੋਟੇ ਕਿਸਾਨਾਂ ਦੀਆਂ ਫਸਲਾਂ ਦਾ ਮੁੱਲ ਵਧਾ ਕੇ ਉਹਨਾਂ ਕਾਰੋਬਾਰੀ ਬਣਾਉਣ ਵਾਸਤੇ ਮੱਦਦ ਕਰਨਾ ਹੈ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਮੈਂ ਕਿਸਾਨਾਂ ਜਾਂ ਕਿਸਾਨਾਂ ਦੇ ਕਲੱਸਟਰਾਂ  ਦੇ ਫਾਰਮਰ ਪ੍ਰੋਡਿਊਸਰ ਆਰਗੇਨਾਈਜੇਸ਼ਨ (ਐਫਪੀਓ) ਸੰਗਠਨ ਬਣਾ ਕੇ ਮੁੱਢਲੇ ਪੱਧਰ ਤੋਂ ਉਹਨਾਂ ਦੀ ਮੱਦਦ ਕਰਨੀ ਸ਼ੁਰੂ ਕੀਤੀ ਹੈ। ਇਸ ਕੰਮ ਵਾਸਤੇ ਇੱਕ ਕੰਪਨੀ ਨੂੰ ਵਿਸ਼ੇਸ਼ ਤੌਰ ਤੇ ਲਾਇਆ ਗਿਆ ਹੈ। ਇਹ ਕੰਪਨੀ ਨਾ ਸਿਰਫ ਵਿਭਿੰਨ ਅਰਜ਼ੀਆਂ ਭਰਵਾਉਣ ਵਿਚ ਕਿਸਾਨਾਂ ਦੀ ਮੱਦਦ ਕਰੇਗੀ, ਸਗੋਂ ਦੋ ਸਾਲ ਤਕ ਕਿਸਾਨੀ ਸੰਗਠਨਾਂ ਦਾ ਹੱਥ ਫੜ ਕੇ ਉਹਨਾਂ ਨੂੰ ਉਤਪਾਦਨ ਕਰਨਾ ਅਤੇ ਉਸ ਦੀ ਮਾਰਕੀਟ ਵਿਚ ਚੰਗੀ ਕੀਮਤ ਵੱਟਣਾ ਵੀ ਸਿਖਾਏਗੀ। ਇਸ ਸੰਬੰਧੀ ਹਾਸਿਲ ਹੋਈ ਕਾਮਯਾਬੀ ਦੀਆਂ ਕਹਾਣੀਆਂ ਸਾਹਮਣੇ ਵੀ ਆਉਣੀਆਂ ਸ਼ੁਰੂ ਹੋ ਗਈਆਂ ਹਨ। ਮਿਸਾਲ ਵਜੋਂ ਡਾਬਰ ਕੰਪਨੀ  ਪੰਜਾਬ ਦੀ ਇੱਕ ਐਫਪੀਓ ਨਾਲ ਸ਼ਹਿਦ ਦਾ ਉਤਪਾਦਨ ਕਰਨ ਸੰਬੰਧੀ ਸਮਝੌਤਾ ਕਰ ਰਹੀ ਹੈ। ਇਸ ਨੂੰ ਇੱਕ ਵੱਡੀ ਲੋਕ ਲਹਿਰ ਬਣਾਉਣ ਲਈ ਮੈਨੂੰ ਕਾਮਯਾਬੀ ਦੀਆਂ ਢੇਰ ਸਾਰੀਆਂ ਮਿਸਾਲਾਂ ਦੀ ਜਰੂਰਤ ਹੈ। ਮੈਂ ਫੂਡ ਪ੍ਰੋਸੈਸਿੰਗ ਸਕੀਮਾਂ ਦਾ ਪ੍ਰਚਾਰ ਕਰਨ ਲਈ ਪੂਰੇ ਸੂਬੇ ਵਿਚ ਘੁੰਮਾਂਗੀ। ਇਸ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਬੀਬੀ ਬਾਦਲ ਨੇ ਕਿਹਾ ਕਿ  ਯੂਪੀਏ ਦੇ ਕਾਰਜਕਾਲ ਦੌਰਾਨ 42 ਫੂਡ ਪਾਰਕਾਂ ਦਾ ਐਲਾਨ ਕੀਤਾ ਗਿਆ ਸੀ, ਜਿਹਨਾਂ ਵਿਚੋਂ ਸਿਰਫ 2 ਪਾਰਕਾਂ ਨੁੰ ਹੀ ਚਾਲੂ ਕੀਤਾ ਜਾ ਸਕਿਆ ਸੀ। ਉਹਨਾਂ ਕਿਹਾ ਕਿ ਅਸੀਂ 6 ਫੂਡ ਪਾਰਕਾਂ ਨੂੰ ਚਾਲੂ ਕਰ ਦਿੱਤਾ ਹੈ ਅਤੇ 4 ਹੋਰ ਪਾਰਕਾਂ ਨੂੰ ਇਸ ਸਾਲ ਚਾਲੂ ਕਰ ਦਿੱਤਾ ਜਾਵੇਗਾ। ਪੰਜਾਬ ਅਤੇ ਹਰਿਆਣਾ ਨੂੰ 5 ਫੂਡ ਪਾਰਕਾਂ ਦੀ ਅਲਾਟਮੈਂਟ ਕੀਤੀ ਗਈ ਹੈ। ਸਾਡਾ ਅਗਲੇ ਤਿੰਨ ਸਾਲਾਂ ਵਿਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ  ਹੈ। ਉਹਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਨੁੰ ਹੁਲਾਰਾ ਦੇਣ ਲਈ ਸੰਪਦਾ ਸਕੀਮ ਵਿਚ 6000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ ਅਤੇ ਇਹ ਸਕੀਮ ਇਸ ਪਾਸੇ ਮੁੱਖ ਭੂਮਿਕਾ ਨਿਭਾਏਗੀ।

Be the first to comment

Leave a Reply