ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਤਿੱਖੇ ਹਮਲੇ ਤੋਂ ਭਾਜਪਾ ਭੜਕੀ

ਨਵੀਂ ਦਿੱਲੀ: ਮੋਦੀ ਸਰਕਾਰ ਦੇ ਨੋਟਬੰਦੀ ਦੇ ਫੈਸਲੇ ‘ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੇ ਤਿੱਖੇ ਹਮਲੇ ਤੋਂ ਭਾਜਪਾ ਭੜਕ ਉੱਠੀ। ਹੁਣ ਭਾਜਪਾ ਨੇ ਕਾਂਗਰਸ ਪ੍ਰਧਾਨ ਉੱਪਰ ਪਲਟਵਾਰ ਕੀਤਾ ਹੈ। ਭਾਜਪਾ ਨੇ ਕਿਹਾ ਹੈ ਕਿ ਅਜਿਹੀ ਭਾਸ਼ਾ ਬੋਲਣ ਵਾਲੇ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ। ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਨੇ ਕਿਹਾ ਕਿ ਰਾਹੁਲ ਖ਼ੁਦ ਦਾ ਮਖੌਲ ਉਡਾ ਰਹੇ ਹਨ। ਸਿੰਗਾਪੁਰ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿ ਨੋਟਬੰਦੀ ਚੰਗੀ ਪਹਿਲਕਦਮੀ ਨਹੀਂ ਸੀ। ਜੇ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ ਤਾਂ ਨੋਟੇਬੰਦੀ ਦੇ ਫੈਸਲੇ ਨੂੰ ਰੱਦ ਕਰ ਦਿੰਦੇ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨੇ ਵੀ ਰਾਹੁਲ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਕਿਹਾ, ‘ਰਾਹੁਲ ਗਾਂਧੀ ਬਹੁਤ ਸਾਰੀਆਂ ਚੀਜ਼ਾਂ ਨੂੰ ਪਾੜ ਦਿੰਦਾ ਹੈ ਤੇ ਇਸ ਲਈ ਲੋਕ ਉਸ ਦੀ ਅਪੀਲ ਨੂੰ ਵੀ ਪਾੜ ਦਿੰਦੇ ਹਨ।’ਭਾਜਪਾ ਨੇਤਾ ਸ਼ਾਹਨਵਾਜ਼ ਹੁਸੈਨ ਨੇ ਰਾਹੁਲ ਦੇ ਬਿਆਨ ‘ਤੇ ਕਿਹਾ, ‘ਹਰ ਕਾਗਜ਼ ਨੂੰ ਪਾੜ ਦਿੰਦੇ ਹਨ। ਕਦੀ ਉਹ ਕਿਸੇ ਪਾਰਟੀ ਦੇ ਐਲਾਨ ਨੂੰ ਪਾੜ ਦਿੰਦੇ ਹਨ ਤੇ ਕਦੇ ਉਹ ਨੋਟਬੰਦੀ ਦੀ ਫ਼ਾਈਲ ਨੂੰ ਕੂੜੇਦਾਨ ‘ਚ ਸੁੱਟ ਦਿੰਦੇ ਹਨ। ਇਸ ਭਾਸ਼ਾ ਨਾਲ ਉਨ੍ਹਾਂ ਦਾ ਮਜ਼ਾਕ ਬਣ ਰਿਹਾ ਹੈ। ਇਸ ਭਾਸ਼ਾ ਦੀ ਵਰਤੋਂ ਨਾਲ ਕਦੇ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ।” ਸ਼ਾਹਨਵਾਜ਼ ਹੁਸੈਨ ਨੇ ਬਿਹਾਰ ਤੇ ਉੱਤਰ ਪ੍ਰਦੇਸ਼ ਵਿੱਚ ਉਪ-ਚੋਣ ‘ਤੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਦੀ ਲੀਡਰਸ਼ਿਪ ‘ਤੇ ਵਿਸ਼ਵਾਸ ਹੈ। ਭਾਜਪਾ ਸਾਰੀਆਂ ਸੀਟਾਂ ਜਿੱਤ ਲਵੇਗੀ।