ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਖਾਂ ਦੇ ਧਾਰਮਿਕ ਅਕੀਦਿਆਂ ਅਤੇ ਪ੍ਰਸਾਸ਼ਨ ਬਾਰੇ ਮੁੱਢਲੀ ਜਾਣਕਾਰੀ ਜਰੂਰ ਦੇਵੇ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੁੰ ਕਿਹਾ ਹੈ ਕਿ ਉਹ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਸਿੱਖਾਂ ਦੇ ਧਾਰਮਿਕ ਅਕੀਦਿਆਂ ਅਤੇ ਪ੍ਰਸਾਸ਼ਨ ਬਾਰੇ ਮੁੱਢਲੀ ਜਾਣਕਾਰੀ ਜਰੂਰ ਦੇਵੇ। ਕਿਉਂਕਿ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੀ ਕਾਹਲ ਵਿਚ ਜਾਖੜ ਨੇ ਇਹਨਾਂ ਦੋਹਾਂ ਵਿਸ਼ਿਆਂ ਉੱਤੇ ਆਪਣੀ ਨਾਸਮਝੀ ਨੂੰ ਹੀ ਉਜਾਗਰ ਕੀਤਾ ਹੈ। ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਲੋਕ ਸਭਾ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਸਰਦਾਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿੰਨੀ ਅਜੀਬ ਗੱਲ ਹੈ ਕਿ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ (ਏਡੀਏ) ਦੀ ਇੱਕ ਪ੍ਰਸਾਸ਼ਨਿਕ ਖਾਮੀ ਬਾਰੇ ਬੋਲਦਿਆਂ ਜਾਖੜ ਨੇ ਇੱਕ ਸਿਖਾਂਦਰੂ ਰੰਗਰੂਟ ਵਾਂਗ ਅਕਾਲੀ ਦਲ ਦੀ ਸਿੱਖ ਵਿਰਾਸਤ ਉੱਤੇ ਸੁਆਲ ਉਠਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸੱਤਾ ਸੰਭਾਲਣ ਮਗਰੋਂ ਦਰਬਾਰ ਸਾਹਿਬ ਦੇ ਨਾਲ ਲੱਗਦੇ ਵਿਰਾਸਤੀ ਮਾਰਗ ਦੁਆਲੇ ਲੱਗੀਆਂ ਸਕਰੀਨਾਂ ਉੱਤੇ ਸ਼ੁਰੂ ਹੋਈ ਸ਼ਰਾਬ ਦੀ ਇਸ਼ਤਿਹਾਰਬਾਜ਼ੀ ਬਾਰੇ ਏਡੀਏ ਨੂੰ ਸੁਆਲ ਕਰਨ ਦੀ ਥਾਂ ਜਾਖੜ ਨੇ ਇਹ ਦਾਅਵਾ ਕਰਨਾ ਸ਼ੁਰੁ ਕਰ ਦਿੱਤਾ ਕਿ ਅਕਾਲੀ ਦਲ ਨੇ ਤਾਂ ਹਰਮੰਦਿਰ ਸਾਹਿਬ ਨੂੰ ਵੀ ਨਹੀਂ ਬਖਸ਼ਿਆ ਸੀ। ਉਹਨਾਂ ਕਿਹਾ ਕਿ ਜਾਖੜ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹ ਉਹਨਾਂ ਦੀ ਪਾਰਟੀ ਅਤੇ ਉਸ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ, ਜਿਸ ਨੇ ਹਰਮੰਦਿਰ ਸਾਹਿਬ ਨੂੰ ਨਹੀਂ ਸੀ ਬਖਸ਼ਿਆ ਅਤੇ ਇਸ ਉੱਤੇ ਟੈਂਕਾਂ ਨਾਲ ਹਮਲਾ ਕਰਵਾਇਆ ਸੀ। ਜਾਖੜ ਸਿੱਖ ਇਤਿਹਾਸ ਬਾਰੇ ਇੰਨਾ ਨਾਸਮਝ ਕਿਸ ਤਰ੍ਹਾਂ ਹੋ ਸਕਦਾ ਹੈ? ਸਰਦਾਰ ਚੰਦੂਮਾਜਰਾ ਨੇ ਕਿਹਾ ਕਿ ਸਿਰਫ ਇਹੀ ਨਹੀਂ ਸੀ। ਜਾਖੜ ਨੇ ਇਹ ਕਹਿ ਕੇ ਤੱਥਾਂ ਨੂੰ ਤੋੜਣ ਮਰੋੜਣ ਦੀ ਕੋਸ਼ਿਸ਼ ਕੀਤੀ ਹੈ ਕਿ ਵਿਰਾਸਤੀ ਮਾਰਗ ਦੁਆਲੇ ਸਮੁੱਚੀ ਇਸ਼ਤਿਹਾਰਬਾਜ਼ੀ ਦਾ ਠੇਕਾ ਇੱਕ ਪ੍ਰਾਈਵੇਟ ਕੰਪਨੀ ਨੂੰ ਮਹਿਜ਼ 5 ਲੱਖ ਰੁਪਏ ਸਾਲਾਨਾ ਦਾ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਸੱਚ ਨਹੀਂ ਹੈ। ਇਹ ਠੇਕਾ 50 ਲੱਖ ਰੁਪਏ ਸਾਲਾਨਾ ਦਾ ਹੈ। ਇਸ ਵਿਚੋਂ 5 ਲੱਖ ਰੁਪਏ ਏਡੀਏ ਨੂੰ ਦਿੱਤੇ ਗਏ ਹਨ ਜਦਕਿ 45 ਲੱਖ ਰੁਪਏ ਨਗਰ ਨਿਗਮ ਨੂੰ ਦਿੱਤੇ ਗਏ ਹਨ। ਜਾਖੜ ਨੂੰ ਇਸ ਸੰਵੇਦਨਸ਼ੀਲ ਮੁੱਦੇ ਉੱਤੇ ਸ਼ਰੇਆਮ ਝੂਠ ਬੋਲਣ ਲਈ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।

Be the first to comment

Leave a Reply