ਕਾਦਰਪੁਰ ਪਿੰਡ ਦੇ ਇੱਕ ਕਿਸਾਨ ਸੋਹਣ ਲਾਲ ਵੱਲੋਂ ਮਾਣਹਾਨੀ ਦੇ ਸੰਬੰਧ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਉੱਤੇ ਜਸਟਿਸ ਏ ਕੇ ਮਿਸ਼ਰ ਨੇ ਇਹ ਹੁਕਮ ਜਾਰੀ

ਇਲਾਹਾਬਾਦ- ਇਲਾਹਾਬਾਦ ਹਾਈ ਕੋਰਟ ਨੇ ਜਿਓਂ ਦੀ ਤਿਓਂ ਸਥਿਤੀ ਕਾਇਮ ਰੱਖਣ ਦੇ ਹੁਕਮ ਦਾ ਉਲੰਘਣ ਕਰਨ ਦੇ ਦੋਸ਼ ਲੱਗਣ ਉੱਤੇ ਪਤੰਜਲੀ ਆਯੂਰਵੈਦ ਲਿਮਿਟਿਡ ਦੇ ਡਾਇਰੈਕਟਰ ਬਾਬਾ ਰਾਮਦੇਵ ਅਤੇ ਹੋਰਨਾਂ ਨੂੰ ਮਾਣਹਾਨੀ ਦਾ ਇੱਕ ਨੋਟਿਸ ਜਾਰੀ ਕੀਤਾ ਹੈ। ਜਾਣਕਾਰੀ ਅਨੁਸਾਰ ਗੌਤਮ ਬੁੱਧ ਨਗਰ ਜਿ਼ਲੇ ਵਿਚਲੇ ਕਾਦਰਪੁਰ ਪਿੰਡ ਦੇ ਇੱਕ ਕਿਸਾਨ ਸੋਹਣ ਲਾਲ ਵੱਲੋਂ ਮਾਣਹਾਨੀ ਦੇ ਸੰਬੰਧ ਵਿੱਚ ਦਾਇਰ ਕੀਤੀ ਗਈ ਪਟੀਸ਼ਨ ਉੱਤੇ ਜਸਟਿਸ ਏ ਕੇ ਮਿਸ਼ਰ ਨੇ ਇਹ ਹੁਕਮ ਜਾਰੀ ਕੀਤਾ ਹੈ। ਮਾਣਹਾਨੀ ਦਾ ਇਹ ਨੋਟਿਸ ਬਾਬਾ ਰਾਮਦੇਵ ਤੋਂ ਇਲਾਵਾ ਗੌਤਮ ਬੁੱਧ ਨਗਰ ਦੇ ਜਿਲਾ ਅਧਿਕਾਰੀ ਬੀ ਐਨ ਸਿੰਘ ਅਤੇ ਯਮੁਨਾ ਐਕਸਪ੍ਰੈੱਸਵੇਅ ਅਥਾਰਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਰੁਣ ਵੀਰ ਨੂੰ ਵੀ ਜਾਰੀ ਹੋਇਆ ਹੈ। ਪਟੀਸ਼ਨਰ ਨੇ ਦੋਸ਼ ਲਾਇਆ ਕਿ ਅਦਾਲਤ ਦੇ 26 ਅਪ੍ਰੈਲ 2013 ਦੇ ਹੁਕਮ, ਜਿਸ ਵਿੱਚ ਅਦਾਲਤ ਨੇ ਸੰਬੰਧਤ ਪੱਖਾਂ ਨੂੰ ਵਿਵਾਦਤ ਜ਼ਮੀਨ ਉੱਤੇ ਜਿਓਂ ਦੀ ਤਿਓਂ ਸਥਿਤੀ ਬਣਾਈ ਰੱਖਣ ਦੇ ਹੁਕਮ ਦਿੱਤੇ ਸਨ, ਦੇ ਬਾਵਜੂਦ ਬਾਬਾ ਰਾਮਦੇਵ ਅਤੇ ਹੋਰਨਾਂ ਨੇ ਚਾਰਦੀਵਾਰੀ ਦੀ ਘੇਰਾਬੰਦੀ ਕਰ ਕੇ ਇਸ ਹੁਕਮ ਦੀ ਉਲੰਘਣਾ ਕੀਤੀ।ਕੇਸ ਦੇ ਤੱਥਾਂ ਮੁਤਾਬਕ ਸੂਬਾ ਸਰਕਾਰ ਨੇ ਯਮੁਨਾ ਐਕਸਪ੍ਰੈਸਵੇਅ ਦੇ ਪੱਖ ਵਿੱਚ ਇਹ ਵਿਵਾਦਿਤ ਜ਼ਮੀਨ ਅਕੁਆਇਰ ਕੀਤੀ ਸੀ, ਜਿਸ ਪਿੱਛੋਂ ਪਤੰਜਲੀ ਆਯੂਰਵੈਦ ਨੂੰ ਫੂਡ ਪਲਾਜਾ ਬਣਾਉਣ ਲਈ ਅਲਾਟ ਕਰ ਦਿੱਤੀ ਗਈ। ਇਹ ਜ਼ਮੀਨ ਅਕੁਆਇਰ ਕੀਤੇ ਜਾਣ ਨੂੰ ਪਟੀਸ਼ਨਰ ਨੇ ਚੁਣੌਤੀ ਦਿੱਤੀ ਹੋਈ ਸੀ, ਜਿਸ ਉੱਤੇ ਹਾਈ ਕੋਰਟ ਨੇ 26 ਅਪ੍ਰੈਲ 2013 ਨੂੰ ਸਾਰੀਆਂ ਸੰਬਧਤ ਧਿਰਾਂ ਨੂੰ ਸਥਿਤੀ ਜਿਵੇਂ ਦੀ ਤਿਵੇਂ ਬਣਾਈ ਰੱਖਣ ਦਾ ਹੁਕਮ ਦਿੱਤਾ ਸੀ, ਪਰ ਰੱਖਿਆ ਨਹੀਂ ਗਿਆ ਤੇ ਇਹ ਜ਼ਮੀਨ ਬਾਬਾ ਰਾਮਦੇਵ ਦੇ ਅਦਾਰੇ ਨੂੰ ਅਲਾਟ ਹੋ ਜਾਣ ਦੇ ਬਾਅਦ ਉਸ ਦੀ ਚਾਰਦੀਵਾਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ।

Be the first to comment

Leave a Reply