ਕਾਰਤੀ ਚਿੰਦਬਰਮ ਦੀ ਮਨੀ ਲਾਂਡਰਿੰਗ ਦੇ ਮਾਮਲੇ ‘ਚ 3 ਦਿਨ ਦੀ ਸੀ. ਬੀ. ਆਈ. ਰਿਮਾਂਡ ਵਧੀ

ਨਵੀਂ ਦਿੱਲੀ— ਅਦਾਲਤ ਨੇ ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਦੇ ਪੁੱਤਰ ਕਾਰਤੀ ਚਿੰਦਬਰਮ ਦੀ ਮਨੀ ਲਾਂਡਰਿੰਗ ਦੇ ਮਾਮਲੇ ‘ਚ 3 ਦਿਨ ਦੀ ਸੀ. ਬੀ. ਆਈ. ਰਿਮਾਂਡ ਵਧਾ ਦਿੱਤੀ ਹੈ। ਉਥੇ ਹੀ ਅਦਾਲਤ ਨੇ ਕਾਰਤੀ ਦੀ ਜ਼ਮਾਨਤ ਪਟੀਸ਼ਨ ‘ਤੇ ਸੁਣਵਾਈ 15 ਮਾਰਚ ਤੈਅ ਕਰ ਦਿੱਤੀ। ਇਸ ਤੋਂ ਇਲਾਵਾ ਹਾਈਕੋਰਟ ਕਾਰਤੀ ਨੇ ਰਾਹਤ ਪ੍ਰਦਾਨ ਕਰਦੇ ਹੋਏ ਉਸ ਦੇ ਕਿਸੇ ਵੀ ਹੋਰ ਮਾਮਲੇ ‘ਚ ਗ੍ਰਿਫਤਾਰੀ ‘ਤੇ ਰੋਕ ਲਗਾ ਦਿੱਤੀ ਹੈ। ਸਪੈਸ਼ਲ ਸੀ. ਬੀ. ਆਈ. ਜੱਜ ਸੁਨੀਲ ਰਾਣਾ ਦੇ ਸਾਹਮਣੇ ਕਾਰਤੀ ਨੂੰ ਰਿਮਾਂਡ ਖਤਮ ਹੋਣ ‘ਤੇ ਪੇਸ਼ ਕੀਤਾ ਗਿਆ। ਸੀ. ਬੀ. ਆਈ. ਨੇ ਰਿਮਾਂਡ ਮਿਤੀ ਵਧਾਉਣ ਲਈ ਅਰਜ਼ੀ ਦਾਇਰ ਕੀਤੀ। ਅਦਾਲਤ ਨੇ ਸੀ. ਬੀ. ਆਈ. ਦੀ ਉਸ ਅਰਜ਼ੀ ਨੂੰ ਮਨਜ਼ੂਰ ਕਰ ਲਿਆ, ਜਿਸ ‘ਚ ਇਸ ਕੇਸ ਦੇ ਸਹਿ ਦੋਸ਼ੀ ਚਾਰਟੇਡ ਅਕਾਊਟੈਂਟ ਐਸ ਭਾਸਕਰ ਰਮਨ ਅਤੇ ਕਾਰਤੀ ਨੂੰ ਆਹਮਣੇ-ਸਾਹਮਣੇ ਬੈਠਾ ਕੇ ਪੁੱਛ-ਗਿੱਛ ਕਰਨ ਦੀ ਇਜ਼ਾਜਤ ਮੰਗੀ ਸੀ। ਰਮਨ ਫਿਲਹਾਲ ਨਿਆਇਕ ਹਿਰਾਸਤ ‘ਚ ਹੈ। ਸੀ. ਬੀ. ਆਈ. ਤਿਹਾੜ ਜੇਲ ‘ਚ ਕਾਰਤੀ ਅਤੇ ਐਸ. ਭਾਸਕਰ ਰਮਨ ਨੂੰ ਆਹਮਣੇ-ਸਾਹਮਣੇ ਬੈਠਾ ਕੇ ਪੁੱਛ ਗਿੱਛ ਕਰੇਗੀ। ਸੁਣਵਾਈ ਦੌਰਾਨ ਕਾਰਤੀ ਦੇ ਵਕੀਲ ਅਭਿਸ਼ੇਸ਼ ਮਨੂ ਸਿੰਘਵੀ ਨੇ ਸੀ. ਬੀ. ਆਈ. ਰਿਮਾਂਡ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਸੀ. ਬੀ. ਆਈ. ਹਰ ਵਾਰ ਰਿਮਾਂਡ ਲਈ ਕੋਈ ਬਹਾਨਾ ਲੈ ਕੇ ਆ ਜਾਂਦੀ ਹੈ।  ਇਸ ਤੋਂ ਇਲਾਵਾ ਹਾਈਕੋਰਟ ਨੇ ਕਾਰਤੀ ਨੂੰ 20 ਮਾਰਚ ਤਕ ਗ੍ਰਿਫਤਾਰੀ ਤੋਂ ਰਾਹਤ ਦਿੱਤੀ ਹੈ। ਕਾਰਤੀ ਨੇ ਹਾਈਕੋਰਟ ‘ਚ ਪੇਸ਼ਗੀ ਜ਼ਮਾਨਤ ਦਾਇਰ ਕੀਤੀ ਸੀ। ਕਾਰਤੀ ਦਾ ਤਰਕ ਸੀ ਕਿ ਉਸ ਨੂੰ ਸ਼ੱਕ ਹੈ ਕਿ ਰਿਮਾਂਡ ਖਤਮ ਹੋਣ ਤੋਂ ਬਾਅਦ ਸੀ. ਬੀ. ਆਈ. ਉਸ ਨੂੰ ਫਿਰ ਤੋਂ ਗ੍ਰਿਫਤਾਰ ਕਰ ਲਵੇਗੀ।