ਕਿਸਾਨਾਂ ਨੂੰ ਅਮਰਿੰਦਰ ਵੱਲੋਂ ਪਰਾਲੀ ਨਾ ਸਾੜਨ ਦੀ ਅਪੀਲ

ਚੰਡੀਗੜ੍ਹ –  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਬਹੁ-ਪੜਾਵੀ ਪਹੁੰਚ ਦੇ ਰਾਹੀਂ ਸੂਬੇ ਵਿੱਚ ਪਰਾਲੀ ਸਾੜਣ ਦੀ ਮਾਰੂ ਸਮੱਸਿਆ ਨਾਲ ਨਜਿੱਠਣ ਲਈ ਵਿਸ਼ਾਲ ਕਾਰਜ ਯੋਜਨਾ ਤਿਆਰ ਕੀਤੀ ਹੈ ਅਤੇ ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਹਾਨੀਕਾਰਕ ਅਮਲ ਤੋਂ ਪਰ੍ਹੇ ਰਹਿਣ ਲਈ ਆਖਿਆ ਹੈ। ਇਹ ਕਾਰਜ ਯੋਜਨਾ ਸਾਇੰਸ, ਤਕਨਾਲੋਜੀ ਅਤੇ ਵਾਤਾਵਰਨ ਵਿਭਾਗ ਨੇ ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਤਿਆਰ ਕੀਤੀ ਹੈ ਜਿਨ੍ਹਾਂ ਨੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਨਾਲ ਸੂਬੇ ਵਿੱਚ ਵੱਡੀ ਪੱਧਰ ‘ਤੇ ਪ੍ਰਦੂਸ਼ਨ ਪੈਦਾ ਹੁੰਦਾ ਹੈ। ਪੰਜਾਬ ਵਿੱਚ ਹਰ ਸਾਲ ਪੈਦਾ ਹੁੰਦੀ 19.7 ਮਿਲੀਅਨ ਟਨ ਝੋਨੇ ਦੀ ਪਰਾਲੀ ਵਿੱਚੋਂ 75 ਫੀਸਦੀ ਦੇ ਸਾੜੇ ਜਾਣ ਕਾਰਨ ਇਸ ਸਮੱਸਿਆ ਨੇ ਖਤਰਨਾਕ ਸਥਿਤੀ ਧਾਰਨ ਕਰ ਲਈ ਹੈ ਜਿਸ ਦੇ ਨਾਲ ਭੌਂ ਦੇ ਉਪਜਾਉ ਤੱਤਾਂ ਨੂੰ ਨੁਕਸਾਨ ਪਹੁੰਚਦਾ ਹੈ ਅਤੇ ਹਵਾ ਦੇ ਮਿਆਰ ਵਿੱਚ ਨਿਘਾਰ ਆਉਂਦਾ ਹੈ। ਝੋਨੇ ਦੀ ਕੁਲ ਪਰਾਲੀ ਵਿੱਚੋਂ ਸਿਰਫ 21.8 ਫੀਸਦੀ ਪਰਾਲੀ ਬਾਇਓਮਾਸ ਪ੍ਰੋਜੈਕਟਾਂ, ਕਾਗਜ਼-ਗੱਤੇ ਦੀਆਂ ਮਿਲਾਂ ਅਤੇ ਪਸ਼ੂਆਂ ਦੇ ਚਾਰੇ /ਹੋਰ ਮਕਸਦਾਂ ਲਈ ਵਰਤੀ ਜਾਂਦੀ ਹੈ। ਇਸ ਦੇ  ਬਹੁਤ ਥੋੜ੍ਹੇ ਹਿੱਸੇ ਦਾ ਮਸ਼ੀਨਰੀ ਅਤੇ ਹੋਰ ਸਾਜ਼ੋ-ਸਮਾਨ ਦੇ ਨਾਲ ਪ੍ਰਬੰਧਨ ਕੀਤਾ ਜਾਂਦਾ ਹੈ।

Be the first to comment

Leave a Reply