ਕਿਸਾਨਾਂ ਨੇ ਨਾਅਰੇਬਾਜ਼ੀ ਕਰ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ

ਭਕਨਾ ਕਲਾਂ,- ਅੱਜ ਸਥਾਨਕ ਪਿੰਡ ਮਾਲੂਵਾਲ ‘ਚ ਕਿਸਾਨ ਸੰਘਰਸ਼ ਕਮੇਟੀ ਪੰਜਾਬ ਜ਼ੋਨ ਬਾਉਲੀ ਸਾਹਿਬ ਵੱਲੋਂ ਪ੍ਰਧਾਨ ਗੁਰਵਿੰਦਰ ਸਿੰਘ ਭਰੋਭਾਲ ਦੀ ਅਗਵਾਈ ਹੇਠ ਕਿਸਾਨ, ਬੀਬੀਆਂ ਤੇ ਮਜ਼ਦੂਰਾਂ ਦਾ ਇਕੱਠ ਹੋਇਆ, ਜਿਸ ਵਿਚ ਆਏ ਹੋਏ ਆਗੂਆਂ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸਨ, ਉਨ੍ਹਾਂ ‘ਚੋਂ ਇਕ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਭਰੋਭਾਲ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦੀ ਗੱਲ ਆਖੀ ਸੀ, ਜਿਸ ਤੋਂ ਸਰਕਾਰ ਭੱਜ ਰਹੀ ਹੈ। ਜੋ ਕਿਸਾਨ ਕਰਜ਼ੇ ਦੀ ਪੰਡ ਥੱਲੇ ਦੱਬੇ ਹੋਏ ਹਨ ਉਹ ਖੁਦਕੁਸ਼ੀਆਂ ਦੇ ਰਾਹ ਨਾ ਪੈਣ ਕਿਉਂਕਿ ਹੁਣ ਸਮਾਂ ਆ ਗਿਆ ਹੈ ਸਮੇਂ ਦੀਆਂ ਸਰਕਾਰਾਂ ਨਾਲ ਆਰ-ਪਾਰ ਦੀ ਜੰਗ ਕਰ ਕੇ ਆਪਣਾ ਹੱਕ ਲੈਣ ਦਾ। ਉਨ੍ਹਾਂ ਕਿਹਾ ਕਿ 13 ਸਤੰਬਰ ਨੂੰ ਹੱਕੀ ਮੰਗਾਂ ਲੈਣ ਲਈ ਤਰਨਤਾਰਨ ਦੀ ਦਾਣਾ ਮੰਡੀ ਵਿਚ ਇਕ ਵਿਸ਼ਾਲ ਕਾਨਫਰੰਸ ਕੀਤੀ ਜਾ ਰਹੀ ਹੈ, ਜਿਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਕਾਨਫਰੰਸ ਵਿਚ ਕਿਸਾਨ, ਮਜ਼ਦੂਰ ਤੇ ਬੀਬੀਆਂ ਆਪਣੇ ਬੱਚਿਆਂ ਨਾਲ ਪਹੁੰਚ ਰਹੇ ਹਨ, ਜੇ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਆਉਣ ਵਾਲੇ ਸਮੇਂ ਵਿਚ ਆਰ-ਪਾਰ ਦੀ ਲੜਾਈ ਲੜਨ ਲਈ ਸਮੂਹ ਕਿਸਾਨ ਜਥੇਬੰਦੀਆਂ ਤੇ ਕਿਸਾਨ ਤਿਆਰ ਰਹਿਣ ਤੇ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ। ਇਕੱਠੇ ਹੋਏ ਕਿਸਾਨਾਂ ਨੇ ਨਾਅਰੇਬਾਜ਼ੀ ਕਰ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ।
ਇਸ ਮੌਕੇ ਜੋਗਾ ਸਿੰਘ, ਪ੍ਰਭਜੀਤ ਸਿੰਘ ਨੱਥੂਪੁਰਾ, ਭੁਪਿੰਦਰ ਸਿੰਘ ਸੰਧੂ ਮਾਲੂਵਾਲ, ਪ੍ਰਧਾਨ ਜਸਬੀਰ ਸਿੰਘ, ਹਰਜੀਤ ਸਿੰਘ ਮਾਲੂਵਾਲ, ਜਗਦੀਸ਼ ਸਿੰਘ ਚੀਚਾ, ਸੁਖਦੇਵ ਸਿੰਘ ਹਵੇਲੀਆਂ, ਸਤਨਾਮ ਸਿੰਘ ਕਾਉਂਕੇ, ਜਸਪਾਲ ਸਿੰਘ ਪੱਧਰੀ, ਮੁਖਵਿੰਦਰ ਸਿੰਘ, ਬੀਬੀ ਕੁਲਦੀਪ ਕੌਰ, ਗੁਰਮੀਤ ਸਿੰਘ ਡਾਲਾ, ਰਾਜਬੀਰ ਸਿੰਘ, ਪੂਰਨ ਸਿੰਘ ਆਦਿ ਕਿਸਾਨ ਆਗੂ ਹਾਜ਼ਰ ਸਨ।

Be the first to comment

Leave a Reply