ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ‘ਚ ਇਕ ਮੰਗ ਪੱਤਰ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਸੌਂਪਿਆ

ਚੰਡੀਗੜ੍ਹ   – ਪੰਜਾਬ ਵਿਧਾਨ ਸਭਾ ‘ਚ ਆਮ ਆਦਮੀ ਪਾਰਟੀ (ਆਪ) ਵਲੋਂ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਤੇ ਲੋਕ ਇਨਸਾਫ ਪਾਰਟੀ (ਲਿਪ) ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਦੋਵਾਂ ਪਾਰਟੀਆਂ ਦੇ ਵਿਧਾਇਕਾਂ ਨੇ ਮੰਗਲਵਾਰ ਨੂੰ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕਰਕੇ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ‘ਚ ਇਕ ਮੰਗ ਪੱਤਰ ਉਨ੍ਹਾਂ ਨੂੰ ਸੌਂਪਿਆ। ਮੰਗ ਪੱਤਰ ‘ਚ ਮੰਗ ਕੀਤੀ ਗਈ ਹੈ ਕਿ ਰਾਜ ‘ਚ ਕਿਸਾਨਾਂ, ਖੇਤ ਮਜ਼ਦੂਰਾਂ ਤੇ ਦਲਿਤਾਂ ਦੀਆਂ ਆਤਮ-ਹੱਤਿਆਵਾਂ ਕਾਰਨ ਸੰਕਟਮਈ ਸਥਿਤੀ ਪੈਦਾ ਹੋ ਗਈ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਮਾਮਲੇ ਬਾਰੇ ਗੰਭੀਰ ਵਿਚਾਰ-ਵਟਾਂਦਰੇ ਤੇ ਹੱਲ ਲਈ ਸਾਰਥਕ ਸੁਝਾਵਾਂ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਏ। ਇਸ ਸੈਸ਼ਨ ‘ਚ ਸਿਰਫ ਕਿਸਾਨਾਂ ਦੇ ਕਰਜ਼ੇ ਹੇਠ ਦੱਬੇ ਹੋਣ ਕਾਰਨ ਹੋ ਰਹੀਆਂ ਖੁਦਕੁਸ਼ੀਆਂ ‘ਤੇ ਹੀ ਚਰਚਾ ਹੋਵੇ।
ਮੰਗ ਪੱਤਰ ਸੌਂਪਣ ਮਗਰੋਂ ਖਹਿਰਾ ਨੇ ਦੋਸ਼ ਲਗਾਇਆ ਕਿ ਕੈ. ਅਮਰਿੰਦਰ ਸਰਕਾਰ ਨੇ ਕਰਜ਼ਾ ਮਾਫੀ ਨੂੰ ਲੈ ਕੇ ਕੀਤੀ ਗਈ ਵਾਅਦਾ ਖਿਲਾਫੀ ਨਾਲ ਕਿਸਾਨਾਂ ਦੇ ਜ਼ਖਮਾਂ ‘ਤੇ ਲੂਣ ਹੀ ਨਹੀਂ ਸਗੋਂ ਮਿਰਚਾਂ ਵੀ ਛਿੜਕੀਆਂ ਹਨ। ਕੈਪਟਨ ਸਰਕਾਰ ਦੇ ਪਹਿਲੇ ਚਾਰ ਮਹੀਨਿਆਂ ‘ਚ 100 ਤੋਂ ਜ਼ਿਆਦਾ ਕਿਸਾਨ ਮੌਤ ਨੂੰ ਗਲੇ ਲਗਾ ਚੁੱਕੇ ਹਨ। ਇਸ ਲਈ ਰਾਜਪਾਲ ਤੋਂ ਵਿਧਾਨ ਸਭਾ ਦੇ ਤਿੰਨ ਰੋਜ਼ਾ ਵਿਸ਼ੇਸ਼ ਸੈਸ਼ਨ, ਜਿਸ ਦੀ ਦੂਰਦਰਸ਼ਨ ਤੇ ਹੋਰ ਚੈਨਲਾਂ ‘ਤੇ ਸਿੱਧੇ ਪ੍ਰਸਾਰਣ ਦੀ ਮੰਗ ਕੀਤੀ ਗਈ ਹੈ।
ਖਹਿਰਾ ਨੇ ਕਿਹਾ ਕਿ ਮੰਗ ਪੱਤਰ ‘ਚ ਇਸ ਸਮੱਸਿਆ ਦੇ ਹੱਲ ਲਈ ਰਾਜਪਾਲ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਜਦੋਂ ਤਕ ਸਰਕਾਰ ਕਿਸਾਨਾਂ ਦੇ ਪੂਰੇ ਕਰਜ਼ੇ ਨੂੰ ਮਾਫ ਕਰਨ ਦੀ ਸਥਿਤੀ ‘ਚ ਨਹੀਂ ਹੋ ਜਾਂਦੀ, ਕਰਨਾਟਕ ਸਰਕਾਰ ਦੀ ਤਰ੍ਹਾਂ ਸਾਲ 2013 ‘ਚ ਕਿਸਾਨਾਂ ਦੇ ਕਰਜ਼ੇ ਤੇ ਵਿਆਜ ਦੀ ਵਸੂਲੀ ‘ਤੇ ਇਕ ਸਾਲ ਲਈ ਲਗਾਈ ਗਈ ਰੋਕ ਵਾਂਗ ਸੂਬੇ ਦੇ ਕਿਸਾਨਾਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਜਾਏ। ਇਸ ਦੇ ਇਲਾਵਾ ਕਿਸਾਨਾਂ ਲਈ ਵੀ ਵਨ ਟਾਈਮ ਸੈਟਲਮੈਂਟ (ਓ. ਟੀ. ਐੱਸ.) ਯੋਜਨਾ ਲਾਗੂ ਕੀਤੀ ਜਾਣੀ ਚਾਹੀਦੀ। ਖਹਿਰਾ ਨੇ ਕਿਹਾ ਕਿ ਜੇਕਰ ਸਰਕਾਰ ਨੇ ਕਰਜ਼ਾ ਮੁਆਫੀ ਨੂੰ ਲੈ ਕੇ ਤੁਰੰਤ ਹਾਂ-ਪੱਖੀ ਕਦਮ ਨਹੀਂ ਚੁੱਕੇ ਤਾਂ ਉਨ੍ਹਾਂ ਦੀ ਪਾਰਟੀ ਮਾਮਲੇ ਨੂੰ ਲੈ ਕੇ ਲੋਕ ਲਹਿਰ ਚਲਾਏਗੀ, ਜਿਸਦੀ ਸ਼ੁਰੂਆਤ ਮਾਨਸਾ ਤੋਂ ਕੀਤੀ ਜਾਏਗੀ।
ਭਾਵੇਂ ਦਾਰੂ ਮਹਿੰਗੀ ਕਰੋ ਜਾਂ ਪੈਟਰੋਲ ਪਰ ਕਿਸਾਨਾਂ ਦਾ ਕਰਜ਼ਾ ਹੋਵੇ ਮੁਆਫ : ਬੈਂਸ 
ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਰਜ਼ਾ ਮੁਆਫੀ ਨੂੰ ਲੈ ਕੇ ਫਾਰਮ ਭਰਵਾਉਣ ਵਾਲੇ ਕੈ. ਅਮਰਿੰਦਰ ਸਿੰਘ ਦਾ ਹੁਣ ਮੁਕਰ ਜਾਣਾ ਨਾ ਸਿਰਫ ਨਿੰਦਨਯੋਗ ਹੈ, ਸਗੋਂ ਲੱਖਾਂ ਗਰੀਬ ਕਿਸਾਨਾਂ ਦੇ ਨਾਲ ਭੱਦਾ ਮਜ਼ਾਕ ਵੀ ਹੈ। ਉਨ੍ਹਾਂ ਕਿਹਾ ਕਿ ਇਸੇ ਲਈ ਸਾਡੇ ਵਲੋਂ ਸੰਵੇਦਨਸ਼ੀਲ ਮੁੱਦੇ ‘ਤੇ ਸਾਰਥਕ ਬਹਿਸ ਲਈ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਪੂਰੇ ਕਰਜ਼ੇ ਦੀ ਮੁਆਫੀ ਲਈ ਸਰਕਾਰ ਸ਼ਰਾਬ ਦੀ ਇਕ ਬੋਤਲ 10 ਰੁਪਏ ਮਹਿੰਗੀ ਕਰ ਦੇਵੇ, ਪੈਟਰੋਲ ਦਾ ਮੁੱਲ ਵਧਾ ਦੇਵੇ ਜਾਂ ਫਿਰ 2000 ਤੋਂ ਜ਼ਿਆਦਾ ਮਾਸਿਕ ਟੈਲੀਫੋਨ ‘ਤੇ ਟੈਕਸ ਲਗਾ ਦੇਵੇ ਤਾਂ ਵੀ ਉਨ੍ਹਾਂ ਦੀ ਪਾਰਟੀ ਇਸ ਦਾ ਵਿਰੋਧ ਨਹੀਂ ਕਰੇਗੀ ਪਰ ਕਿਸਾਨਾਂ ਦਾ ਕਰਜ਼ਾ ਮੁਆਫ ਹੋਣਾ ਚਾਹੀਦਾ।

Be the first to comment

Leave a Reply