ਕੁਵੈਤ ਗਏ ਪੰਜਾਬੀਆਂ ਨੇ ਉਥੇ ਜਾ ਕੇ ਬੁਰੀ ਤਰ੍ਹਾਂ ਫਸ ਜਾਣ ‘ਤੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਵਾਪਸ ਭਾਰਤ ਲਿਆਉਣ ਦੀ ਕੀਤੀ ਮੰਗ

ਅੱਪਰਾ- ਪੰਜਾਬ ਦੇ ਵੱਖ-ਵੱਖ ਪਿੰਡਾਂ ‘ਚੋਂ ਰੋਜ਼ੀ-ਰੋਟੀ ਕਮਾਉਣ ਲਈ ਕੁਵੈਤ ਗਏ ਪੰਜਾਬੀਆਂ ਨੇ ਉਥੇ ਜਾ ਕੇ ਬੁਰੀ ਤਰ੍ਹਾਂ ਫਸ ਜਾਣ ‘ਤੇ ਪੰਜਾਬ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਵਾਪਸ ਭਾਰਤ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਲਿਖੇ ਪੱਤਰ ‘ਚ ਜਸਪਾਲ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਅੱਪਰਾ (ਜਲੰਧਰ), ਰਣਜੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਪਿੰਡ ਤਖਤੂ ਚੱਕ (ਖਡੂਰ ਸਾਹਿਬ), ਬਲਵੀਰ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਪਿੰਡ ਮੈਲੀਆ (ਤਰਨਤਾਰਨ), ਸੁਨੀਲ ਕੁਮਾਰ ਪੁੱਤਰ ਜਗੀਰੀ ਲਾਲ ਵਾਸੀ ਗੜ੍ਹਾ (ਜਲੰਧਰ), ਰਣਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਲਾਊਕਾ (ਤਰਨਤਾਰਨ), ਵਿਜੇ ਕੁਮਾਰ ਪੁੱਤਰ ਜਸਪਾਲ ਚੰਦ ਵਾਸੀ ਹਿਆਤਪੁਰ ਬੇਟ (ਲੁਧਿਆਣਾ), ਪਰਮਿੰਦਰ ਸਿੰਘ ਬਾਠ, ਗੁਰਦੇਵ ਸਿੰਘ, ਵਿਜੇ ਕੁਮਾਰ, ਗੋਲਡੀ ਰਾਮ, ਪਾਖਰ ਰਾਮ, ਬਲਜਿੰਦਰ ਸਿੰਘ, ਜਤਿੰਦਰ ਸਿੰਘ ਬਾਠ, ਲਵਜੀਤ ਸਿੰਘ ਆਦਿ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਦੇ ਇਕ ਏਜੰਟ ਰਾਹੀਂ ਇਥੇ ਆਏ ਸਨ, ਉਨ੍ਹਾਂ ਦੀ ਇੰਟਰਵਿਊ 18-10-2016 ਨੂੰ ਹੋਈ ਸੀ, ਜਿਥੇ ਉਨ੍ਹਾਂ ਨੂੰ ਕੰਪਨੀ ਦਾ ਨਾਂ ‘ਅਲਸਾਗਰ’ ਦੱਸਿਆ ਗਿਆ ਪਰ ਉਨ੍ਹਾਂ ਨੂੰ ਕੁਵੈਤ ‘ਚ ‘ਅਲ ਨੀਰਜ’ ਨਾਂ ਦੀ ਕੰਪਨੀ ‘ਚ ਭੇਜ ਦਿੱਤਾ ਗਿਆ। ਇਹ ਕੰਪਨੀ ਜਿਸ ਜਗ੍ਹਾ ਕੰਮ ਹੋਵੇ, ਉਥੇ ਵਿਅਕਤੀ (ਮੈਨ ਪਾਵਰ) ਸਪਲਾਈ ਕਰਦੀ ਹੈ, ਜਿਸ ਵਿਚ 4 ਹੋਰ ਕੰਪਨੀਆਂ ਐੱਸ. ਐੱਨ. ਡੀ., ਅਬਦੁੱਲਾ, ਅਲਟਰਾ ਤੇ ਡੀ. ਸੀ. ਸੀ. ਹਨ। ਇਹ ਕੰਪਨੀ ਫਾਹਿਲ ਸਿਟੀ ਵਿਖੇ ਸਥਿਤ ਹੈ। ਉਨ੍ਹਾਂ ਦੱਸਿਆ ਕਿ ਦਸੰਬਰ 2016 ਤੋਂ ਲੈ ਕੇ ਅਪ੍ਰੈਲ 2016 ਤੱਕ ਅਸੀਂ ਵੱਖ-ਵੱਖ ਫਲਾਈਟਾਂ ਰਾਹੀਂ ਇਥੇ ਪਹੁੰਚੇ। ਦਸੰਬਰ ‘ਚ ਆਏ ਹੋਏ ਵਰਕਰਾਂ ਨੇ ਕੰਪਨੀ ਦੇ ਮਾੜੇ ਹਾਲਾਤ ਬਾਰੇ ਏਜੰਟ ਨੂੰ ਦੱਸਿਆ ਪਰ ਏਜੰਟ ਨੇ ਆਪਣੇ ਲਾਲਚ ਕਾਰਨ ਵਰਕਰਾਂ ਨੂੰ ਭੇਜਣਾ ਜਾਰੀ ਰੱਖਿਆ। ਉਨ੍ਹਾਂ ਪੱਤਰ ‘ਚ ਲਿਖਿਆ ਕਿ ਉਹ 20 ਵਰਕਰ ਹਨ, ਜੋ ਕਿ ਬਿਨਾਂ ਵੀਜ਼ਾ ਤੋਂ ਇਥੇ ਰਹਿ ਰਹੇ ਹਨ। ਪਿਛਲੇ 5 ਮਹੀਨਿਆਂ ਤੋਂ ਨਾ ਹੀ ਉਨ੍ਹਾਂ ਨੂੰ ਕੰਮ ਦਿੱਤਾ ਗਿਆ ਤੇ ਨਾ ਹੀ ਰੋਜ਼ੀ-ਰੋਟੀ ਲਈ ਪੈਸੇ ਦਿੱਤੇ ਗਏ। ਕਈ-ਕਈ ਦਿਨ ਕੈਂਪ ਦੀ ਬਿਜਲੀ ਤੇ ਪਾਣੀ ਸਪਲਾਈ ਵੀ ਬੰਦ ਕਰ ਦਿੱਤੀ ਜਾਂਦੀ ਹੈ। ਵਾਰ-ਵਾਰ ਫੋਨ ਕਰਨ ‘ਤੇ ਵੀ ਕੰਪਨੀ ਦੇ ਅਧਿਕਾਰੀ ਫੋਨ ਨਹੀਂ ਚੁੱਕਦੇ। ਉਨ੍ਹਾਂ ਅੱਗੇ ਲਿਖਿਆ ਕਿ ਉਹ ਗਰੀਬ ਘਰਾਂ ਨਾਲ ਸਬੰਧ ਰੱਖਦੇ ਹਨ ਤੇ ਏਜੰਟ ਨੂੰ 1 ਲੱਖ ਤੋਂ ਲੈ ਕੇ 1 ਲੱਖ 25 ਹਜ਼ਾਰ ਰੁਪਏ ਤੱਕ ਦੇ ਕੇ ਇਥੇ ਪਹੁੰਚੇ ਸਨ, ਜਦਕਿ ਏਜੰਟ ਸਾਨੂੰ ਹੁਣ ਵੀ ਕਹਿ ਰਿਹਾ ਹੈ ਕਿ 2 ਮਹੀਨੇ ਹੋਰ ਇੰਤਜ਼ਾਰ ਕਰੋ। ਕੁਵੈਤ ‘ਚ ਫਸੇ ਉਕਤ ਪੰਜਾਬੀਆਂ ਨੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਪੱਤਰ ਲਿਖ ਕੇ ਭਾਰਤ ਵਾਪਸੀ ਲਈ ਮਦਦ ਦੀ ਮੰਗ ਕੀਤੀ ਹੈ। ਇਸ ਸਬੰਧੀ ਜਦੋਂ ਭੰਗਵਤ ਮਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੇ ਪੀ. ਏ. ਨੇ ਕਿਹਾ ਕਿ ਸਾਰੇ ਮਾਮਲੇ ਦੀ ਰਿਪੋਰਟ ਤਿਆਰ ਹੋ ਚੁੱਕੀ ਹੈ, ਜੋ ਕਿ 1-2 ਦਿਨਾਂ ਤੱਕ ਗ੍ਰਹਿ ਵਿਭਾਗ ਕੋਲ ਭੇਜ ਕੇ ਉਚਿਤ ਕਾਰਵਾਈ ਦੀ ਮੰਗ ਕੀਤੀ ਜਾਵੇਗੀ।

Be the first to comment

Leave a Reply