ਕੁੱਝ ਸੇਵਾਵਾਂ ਹੁਣ ਘਰ ਬੈਠੇ ਹੀ ਆਨਲਾਈਨ ਅਪਲਾਈ ਕੀਤੀਆਂ ਜਾ ਸਕਦੀਆਂ

ਫ਼ਿਰੋਜ਼ਪੁਰ : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰਸ਼ਾਸਕੀ ਸੁਧਾਰਾਂ ਤਹਿਤ ਜ਼ਿਲ੍ਹੇ ਦੇ 84 ਪੇਂਡੂ ਅਤੇ ਸ਼ਹਿਰੀ ਸੇਵਾ ਕੇਂਦਰਾਂ ਵਿੱਚ ਲੋਕਾਂ ਨੂੰ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ 146 ਕਿਸਮ ਦੀਆਂ ਸੇਵਾਵਾਂ ਮਿੱਥੇ ਸਮੇਂ ਵਿੱਚ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚੋਂ ਕੁੱਝ ਸੇਵਾਵਾਂ ਹੁਣ  ਘਰ ਬੈਠੇ ਹੀ ਆਨਲਾਈਨ ਅਪਲਾਈ ਕੀਤੀਆਂ ਜਾ ਸਕਦੀਆਂ ਹਨ। ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਆਈ.ਏ.ਐਸ. ਨੇ ਦਿੱਤੀ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਤੋਂ ਪ੍ਰਾਪਤ ਹੋਣ ਵਾਲੀਆਂ ਕੁੱਝ ਸੇਵਾਵਾਂ ਜਿਵੇਂ ਕਿ ਜਨਮ ਅਤੇ ਮੌਤ ਸਰਟੀਫਿਕੇਟ, ਪੈਨਸ਼ਨ ਸੇਵਾਵਾਂ ਅਤੇ ਜਾਤੀ ਸਰਟੀਫਿਕੇਟ ਆਦਿ ਨੂੰ ਹੁਣ ਘਰ ਬੈਠੇ ਹੀ ਪੰਜਾਬ ਸਰਕਾਰ ਦੀ ਵੈੱਬਸਾਈਟ www.punjab.{ov.}n ਤੇ ਜਾ ਕੇ ਅਪਲਾਈ ਕੀਤਾ ਜਾ ਸਕਦਾ ਹੈ। ਇਨ੍ਹਾਂ ਸੇਵਾਵਾਂ ਲਈ  ਸੇਵਾ ਕੇਂਦਰ ਜਾਣ ਦੀ ਜ਼ਰੂਰਤ ਨਹੀਂ ਹੈ। ਇਹ ਸੇਵਾ ਘਰ ਬੈਠੇ ਆਪਣੇ ਕੰਪਿਊਟਰ ਜਿਸ ਤੇ ਇੰਟਰਨੈੱਟ ਅਤੇ ਸਕੈਨਰ ਦੀ ਸੁਵਿਧਾ ਹੋਵੇ, ਰਾਹੀਂ ਜਾਂ ਕਿਸੇ ਕੰਪਿਊਟਰ ਕੈਫ਼ੇ ਤੇ ਜਾ ਕੇ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਵਿੱਚ ਸਮੇਂ-ਸਮੇਂ ਸਿਰ ਵਾਧਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾ ਕੁੱਲ 135 ਕਿਸਮ ਦੀਆਂ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ। ਜਦ ਕਿ ਹੁਣ ਇਨ੍ਹਾਂ ਵਿੱਚ 11 ਹੋਰ ਸੇਵਾਵਾਂ ਦਾ ਵਾਧਾ ਕੀਤਾ ਗਿਆ ਹੈ ਅਤੇ ਕੁੱਲ ਸੇਵਾਵਾਂ ਦੀ ਗਿਣਤੀ 146 ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਫ਼ਿਰੋਜ਼ਪੁਰ ਵਿਚ ਸ਼ਹਿਰੀ ਖੇਤਰਾਂ ਵਿੱਚ ਆਉਂਦੇ 12 ਸੇਵਾ ਕੇਂਦਰਾਂ ਅਤੇ ਪਿੰਡਾਂ ਵਿੱਚ ਖੋਲ੍ਹੇ ਗਏ 72 ਸੇਵਾ ਕੇਂਦਰਾਂ ਵਿੱਚ ਇਹ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਹੁਣ ਸੇਵਾ ਕੇਂਦਰਾਂ ਵਿੱਚ ਮੰਡੀ ਬੋਰਡ ਨਾਲ ਸਬੰਧਤ 8 ਸਰਕਾਰੀ ਸੇਵਾਵਾਂ ਜਿਵੇਂ ਐਨ.ਓ.ਸੀ, ਡੁਪਲੀਕੇਟ ਅਲਾਟਮੈਂਟ ਅਤੇ ਰੀ-ਅਲਾਟਮੈਂਟ ਪੱਤਰ, ਕਨਵੈਂਨਸ ਡੀਡ, ਨੋ ਡਿਊ ਸਰਟੀਫਿਕੇਟ, ਵੇਚਣ ਦੇ ਲਈ ਜਾਇਦਾਦ ਦੀ ਰੀ-ਟਰਾਂਸਫਰ, ਮੌਤ ਹੋਣ ਤੇ ਜਾਇਦਾਦ ਰੀ-ਟਰਾਂਸਫਰ ਕਰਨ ਅਤੇ ਕਰਜ਼ੇ ਲਈ ਐਨ.ਓ.ਸੀ. ਸਰਟੀਫਿਕੇਟ ਅਤੇ ਟਰਾਂਸਪੋਰਟ ਦਫ਼ਤਰ ਨਾਲ ਸਬੰਧਤ 3 ਸਰਕਾਰੀ ਸੇਵਾਵਾਂ ਜਿਵੇਂ ਫਿਟਨੈੱਸ ਸਰਟੀਫਿਕੇਟ ਕਮਰਸ਼ੀਅਲ ਵਾਹਨ, 2 ਸਾਲ ਤੱਕ ਦਾ ਟੈਕਸ ਕਲੀਅਰੈਂਸ ਸਰਟੀਫਿਕੇਟ ਅਤੇ 2 ਸਾਲ ਬਾਅਦ ਟੈਕਸ ਕਲੀਅਰੈਂਸ ਸਰਟੀਫਿਕੇਟ ਆਦਿ ਸਰਕਾਰੀ ਸੇਵਾਵਾਂ ਵੀ ਸਮਾਂਬੱਧ ਢੰਗ ਨਾਲ ਇਨ੍ਹਾਂ ਸ਼ਹਿਰੀ ਖੇਤਰਾਂ ਅਤੇ  ਪਿੰਡਾਂ ਵਿੱਚ ਆਉਂਦੇ ਸਾਰੇ 84 ਸੇਵਾ ਕੇਂਦਰਾਂ ਵਿੱਚ ਦਿੱਤੀਆਂ ਜਾਣਗੀਆਂ।

Be the first to comment

Leave a Reply