ਕੇ.ਪੀ.ਐਸ ਗਿੱਲ ਦੇ ਅੰਤਿਮ ਸਸਕਾਰ ਮੌਕੇ ਗਾਰਡ ਆਫ਼ ਆਨਰ ਦੀ ਸਲਾਮੀ

ਚੰਡੀਗੜ੍ਹ  (ਸਾਂਝੀ ਸੋਚ ਬਿਊਰੋ) ਪੰਜਾਬ ਪੁਲੀਸ, ਸੀ.ਆਰ.ਪੀ.ਐਫ਼. ਤੇ ਦਿੱਲੀ ਪੁਲੀਸ ਵਲੋਂ ਅੱਜ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸ੍ਰੀ ਕੇ.ਪੀ.ਐਸ ਗਿੱਲ ਦੇ ਪੂਰੇ ਸਰਕਾਰੀ ਸਨਮਾਨਾਂ ਨਾਲ ਹੋਏ ਅੰਤਿਮ ਸਸਕਾਰ ਮੌਕੇ ਉਨ੍ਹਾਂ ਨੂੰ ਨਵੀਂ ਦਿੱਲੀ ਵਿਖੇ ਗਾਰਡ ਆਫ ਆਨਰ ਦੀ ਸਲਾਮੀ ਪੇਸ਼ ਕੀਤੀ ਗਈ। ਜਿਵੇਂ ਹੀ ਸ੍ਰੀ ਗਿੱਲ ਦੇ ਪੁੱਤਰ ਅਤੇ ਧੀ ਨੇ ਉਨ੍ਹਾਂ ਦੀ ਚਿਤਾ ਨੂੰ ਅਗਨੀ ਵਿਖਾਈ, ਤਾਂ ਤਿੰਨੇ ਪੁਲੀਸ ਬਲਾਂ ਨੇ ਸਨਮਾਨ ਵਜੋਂ ਸ੍ਰੀ ਗਿੱਲ ਨੂੰ ਗਾਰਡ ਆਫ ਆਨਰ ਦੀ ਸਲਾਮੀ ਪੇਸ਼ ਕੀਤੀ। ਪੰਜਾਬ ਸਰਕਾਰ ਦੇ ਇੱਕ ਬੁਲਾਰੇ ਅਨੁਸਾਰ ਪੰਜਾਬ ਦੇ ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾਂ ਨੇ ਸ੍ਰੀ ਗਿੱਲ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਦੋਂ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਕੌਮੀ ਸੁਰੱਖਿਆ ਸਲਾਹਕਾਰ ਸ੍ਰੀ ਅਜੀਤ ਡੋਵਾਲ ਨੇ ਸ੍ਰੀ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਪੰਜਾਬ ਸਰਕਾਰ ਦੀ ਪ੍ਰਤੀਨਿਧਤਾ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਸ੍ਰੀ ਭਰਤਇੰਦਰ ਸਿੰਘ ਚਾਹਲ ਨੇ ਕੀਤੀ ਜਦੋਂ ਕਿ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਕਰਨਪਾਲ ਸਿੰਘ ਸੇਖੋਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ੍ਰੀ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿਆਸਤਦਾਨਾਂ, ਆਈ.ਪੀ.ਐਸ ਅਧਿਕਾਰੀਆਂ ਅਤੇ ਸਮਾਜ ਦੇ ਵੱਖੋ-ਵੱਖਰੇ ਵਰਗਾਂ ਦੇ ਲੋਕਾਂ ਨੇ ਵੀ ਸਾਬਕਾ ਡੀ.ਜੀ.ਪੀ. ਨੂੰ ਸ਼ਰਧਾਂਜਲੀ ਭੇਂਟ ਕੀਤੀ। ਇਨ੍ਹਾਂ ਪਤਵੰਤੇ ਸੱਜਣਾਂ ਵਿੱਚ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਸ੍ਰੀ ਮਨਿੰਦਰਜੀਤ ਸਿੰਘ ਬਿੱਟਾ, ਸ੍ਰੀ ਏ.ਕੇ. ਪਾਂਡੇ, ਡੀ.ਜੀ.ਪੀ. ਸ੍ਰੀ ਹਰਦੀਪ ਸਿੰਘ ਢਿੱਲੋਂ, ਸਾਬਕਾ ਡੀ.ਜੀ.ਪੀ. ਸ੍ਰੀ ਸਰਬਦੀਪ ਸਿੰਘ ਅਤੇ ਸਾਬਕਾ ਡੀ.ਜੀ.ਪੀ. ਸ੍ਰੀ ਐਸ ਕੇ ਸ਼ਰਮਾ ਤੋਂ ਇਲਾਵਾ ਏ.ਡੀ.ਜੀ.ਪੀ. ਸ੍ਰੀ ਦਿਨਕਰ ਗੁਪਤਾ, ਏ.ਡੀ.ਜੀ.ਪੀ. ਸ੍ਰੀ ਇਕਬਾਲ ਪ੍ਰੀਤ ਸਿੰਘ ਸਹੋਤਾ, ਏ.ਡੀ.ਜੀ.ਪੀ. ਸ੍ਰੀ ਈਸ਼ਵਰ ਸਿੰਘ, ਆਈ.ਜੀ. ਸ੍ਰੀ ਅਰਪਿਤ ਸ਼ੁਕਲਾ, ਆਈ.ਜੀ. ਸ੍ਰੀ ਅਮਰ ਸਿੰਘ ਚਾਹਲ, ਆਈ.ਜੀ. ਸ੍ਰੀ ਪਰਮ ਰਾਜ ਸਿੰਘ ਉਮਰਾ ਨੰਗਲ, ਆਈ.ਜੀ. ਸ੍ਰੀ ਅਨੰਨਿਆ ਗੌਤਮ, ਆਈ.ਜੀ. ਈਸ਼ਵਰ ਸਿੰਘ, ਏ.ਆਈ.ਜੀ. ਸ੍ਰੀ ਹਰਪ੍ਰੀਤ ਸਿੰਘ ਸੰਧੂ, ਪ੍ਰੋ. ਸਰੂਪ ਸਿੰਘ, ਡਾ. ਨਰਿੰਦਰ ਸਿੰਘ, ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਧਨਰਾਜ ਪਿੱਲੇ ਵੀ ਸ਼ਾਮਲ ਸਨ। ਦੱਸਣਯੋਗ ਹੈ ਕਿ ਸ੍ਰੀ ਗਿੱਲ ਨੂੰ ਪੰਜਾਬ ਵਿੱਚੋਂ ਦਹਿਸ਼ਤਵਾਦ ਦਾ ਖਾਤਮਾ ਕਰਕੇ ਸੂਬੇ ਵਿੱਚ ਮੁੜ ਤੋਂ ਅਮਨ-ਸ਼ਾਂਤੀ ਬਹਾਲ ਕਰਨ ਦਾ ਸਿਹਰਾ ਹਾਸਲ ਹੈ ਅਤੇ ਡੀ.ਜੀ.ਪੀ. ਪੰਜਾਬ ਦੇ ਅਹਿਮ ਅਹੁਦੇ ‘ਤੇ ਨਿਯੁਕਤੀ ਤੋਂ ਪਹਿਲਾਂ ਸ੍ਰੀ ਗਿੱਲ ਨੇ ਸੀ.ਆਰ.ਪੀ.ਐਫ਼. ਦੇ ਡਾਇਰੈਕਟਰ ਜਨਰਲ ਵਜੋਂ ਵੀ ਸੇਵਾ ਨਿਭਾਈ। ਸ੍ਰੀ ਗਿੱਲ ਸਾਲ 2006-07 ਵਿੱਚ ਛੱਤੀਸਗੜ੍ਹ ਸਰਕਾਰ ਦੇ ਸੁਰੱਖਿਆ ਸਲਾਹਕਾਰ ਵੀ ਰਹੇ।

Be the first to comment

Leave a Reply