ਕੈਂਬ੍ਰਿਜ ਐਨਾਲਿਟਿਕਾ ਨੇ ਰੂਸ ਦੇ ਨਾਲ ਸਾਂਝਾ ਕੀਤਾ ਸੀ ਡਾਟਾ

ਵਾਸ਼ਿੰਗਟਨ – ਅਮਰੀਕਾ ਦੇ 2016 ਚੋਣਾਂ ਵਿਚ ਰੂਸੀ ਦਖ਼ਲਅੰਦਾਜ਼ੀ ਨੂੰ ਉਜਾਗਰ ਕਰਨ ਵਾਲੇ ਕ੍ਰਿਸਟੋਫਰ ਵਾਇਲੀ ਨੇ ਕਿਹਾ ਕਿ ਕੈਂਬ੍ਰਿਜ ਐਨਾਲਿਟਿਕਾ ਨੇ ਰੂਸ ਦੇ ਨਾਲ ਡਾਟਾ ਸਾਂਝਾ ਕੀਤਾ ਸੀ। ਅਮਰੀਕੀ ਕਾਂਗਰਸ ਵਿਚ ਸੁਣਵਾਈ ਦੌਰਾਨ ਇੱਕ ਪੈਨਲ ਨੂੰ ਉਨ੍ਹਾਂ ਦੱਸਿਆ ਕਿ ਉਨ੍ਹਾਂ ਭਰੋਸਾ ਹੈ ਕਿ ਰੂਸੀ ਖੁਫ਼ੀਆ ਏਜੰਸੀ (ਐਫਐਸਬੀ) ਨੇ ਕੰਪਨੀ ਤੋਂ ਡਾਟਾ ਲਿਆ ਸੀ ਅਤੇ ਉਸ ਦਾ ਇਸਤੇਮਾਲ ਅਮਰੀਕੀ ਚੋਣਾਂ ਵਿਚ ਹੋਇਆ। ਵਾਇਲੀ ਨੇ ਦੱਸਿਆ ਕਿ ਰੂਸੀ ਅਤੇ ਅਮਰੀਕੀ ਸੋਧਕਰਤਾ ਅਲੈਕਜ਼ੈਂਡਰ ਕਾਗਨ ਨੇ ਇੱਕ ਐਪ ਬਣਾਇਆ ਸੀ। ਇਸ ਦੇ ਜ਼ਰੀਏ ਫੇਸਬੁੱਕ ਇਸਤੇਮਾਲ ਕਰਨ ਵਾਲੇ ਲੋਕਾਂ ਦਾ ਡਾਟਾ ਚੋਰੀ ਕੀਤਾ ਗਿਆ। ਕਾਗਨ ਰੂਸ ਦੀ ਸਹਾਇਤਾ ਨਾਲ ਚੱਲਣ ਵਾਲੇ ਕਈ ਪ੍ਰੋਜੈਕਟਾਂ ‘ਤੇ ਕੰਮ ਕਰ ਰਿਹਾ ਸੀ। ਲਿਖਤੀ ਬਿਆਨ ਵਿਚ ਉਨ੍ਹਾਂ ਨੇ ਕਿਹਾ ਕਿ ਇਹ ਮੰਨਣ ਦੇ ਕਈ ਕਾਰਨ ਹਨ ਕਿ ਬ੍ਰਿਟਿਸ਼ ਕੰਪਨੀ ਕੈਂਬ੍ਰਿਜ ਐਨਾਲਿਟਿਕਾ ਰੂਸੀ ਖੁਫ਼ੀਆ ਏਜੰਸੀ ਦੇ ਹੱਥਾਂ ਵਿਚ ਖੇਡ ਰਹੀ ਸੀ। ਕੰਪਨੀ ਨੇ ਰੂਸੀ ਸੋਧਕਰਤਾਵਾਂ ਨੂੰ ਡਾਟਾ ਇਕੱਠਾ ਕਰਨ ਵਿਚ ਲਗਾਇਆ ਅਤੇ ਖੁਲੇਆਮ ਇਨ੍ਹਾਂ ਦਾ ਇਸਤੇਮਾਲ ਅਫ਼ਵਾਹਾਂ ਨੂੰ ਫੈਲਾਉਣ ਦੇ ਲਈ ਕੀਤਾ ਗਿਆ।