ਕੈਟਲੋਨੀਆ: ਰਾਏਸ਼ੁਮਾਰੀ ਦੌਰਾਨ ਪੁਲੀਸ ਕਾਰਵਾਈ ’ਚ 91 ਜ਼ਖ਼ਮੀ

ਮੈਡਰਿਡ – ਸਪੇਨ ਤੋਂ ਆਜ਼ਾਦੀ ਦੀ ਮੰਗ ਕਰ ਰਹੇ ਉੱਤਰ-ਪੂਰਬੀ ਖ਼ਿੱਤੇ ਕੈਟਲੋਨੀਆ ’ਚ ਰਾਏਸ਼ੁਮਾਰੀ ਲਈ ਹੋ ਰਹੀ ਵੋਟਿੰਗ ਨੂੰ ਰੋਕਣ ਲਈ ਪੁਲੀਸ ਨੇ ਅੱਜ ਵੋਟਿੰਗ ਸਟੇਸ਼ਨਾਂ ’ਤੇ ਧਾਵਾ ਬੋਲ ਦਿੱਤਾ। ਲੋਕਾਂ ਨੂੰ ਪੋਲਿੰਗ ਸਟੇਸ਼ਨਾਂ ’ਤੇ ਜਾਣ ਤੋਂ ਰੋਕਣ ਲਈ ਪੁਲੀਸ ਨੇ ਰਬੜ ਦੀਆਂ ਗੋਲੀਆਂ ਦਾਗ਼ੀਆਂ ਅਤੇ ਉਨ੍ਹਾਂ ’ਤੇ ਲਾਠੀਚਾਰਜ ਕੀਤਾ। ਕੈਟਲੋਨੀਆ ਐਮਰਜੈਂਸੀ ਸੇਵਾਵਾਂ ਮੁਤਾਬਕ ਪੁਲੀਸ ਦੇ ਜਬਰ ਕਾਰਨ 91 ਵਿਅਕਤੀ ਜ਼ਖ਼ਮੀ ਹੋ ਗਏ। ਕੈਟਲੋਨ ਸਰਵਿਸਿਜ਼ ਨੇ ਟਵਿੱਟਰ ’ਤੇ ਜਾਣਕਾਰੀ ਦਿੱਤੀ ਕਿ ਜ਼ਿਆਦਾਤਰ ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਤਿੰਨ ਵਿਅਕਤੀ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਹਨ। ਉਂਜ ਹਸਪਤਾਲ ’ਚ 337 ਲੋਕ ਪੁੱਜੇ ਹਨ। ਸਪੇਨ ਨੇ ਰਾਏਸ਼ੁਮਾਰੀ ’ਤੇ ਪਾਬੰਦੀ ਲਾਈ ਹੋਈ ਹੈ ਅਤੇ ਕੈਟਲੋਨੀਆ ਵਾਸੀਆਂ ਨੂੰ ਰੋਕਣ ਲਈ ਪੁਲੀਸ ਨੇ ਮਤਪੇਟੀਆਂ ਆਪਣੇ ਕਬਜ਼ੇ ’ਚ ਲੈ ਲਈਆਂ। ਉਂਜ ਹਜ਼ਾਰਾਂ ਲੋਕ ਸਪੇਨ ਤੋਂ ਆਜ਼ਾਦੀ ਦੀ ਮੰਗ ਨੂੰ ਲੈ ਕੇ ਸੜਕਾਂ ’ਤੇ ਉਤਰ ਆਏ ਅਤੇ ਕਈ ਤਾਂ ਰਾਤ ਤੋਂ ਹੀ ਪੋਲਿੰਗ ਬੂਥਾਂ ਦੇ ਬਾਹਰ ਜੁੜਨੇ ਸ਼ੁਰੂ ਹੋ ਗਏ ਸਨ। ਉਨ੍ਹਾਂ ਕੈਟਲੋਨੀਆ ਦੇ ਹੱਕ ’ਚ ਨਾਅਰੇਬਾਜ਼ੀ ਵੀ ਕੀਤੀ। ਜਿਵੇਂ ਹੀ ਰਾਏਸ਼ੁਮਾਰੀ ਲਈ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਤਾਂ ਪੁਲੀਸ ਨੇ ਲੋਕਾਂ ਨੂੰ ਰੋਕਣ ਲਈ ਕਮਰ ਕੱਸ ਲਈ। ਜਿਰੋਨਾ ਕਸਬੇ, ਜਿਥੇ ਖ਼ਿੱਤੇ ਦੇ ਵੱਖਵਾਦੀ ਆਗੂ ਨੇ ਵੋਟ ਪਾਉਣੀ ਸੀ, ਦੇ ਸਪੋਰਟਸ ਸੈਂਟਰ ’ਚ ਪੁਲੀਸ ਜਬਰੀ ਦਾਖ਼ਲ ਹੋ ਗਈ।

Be the first to comment

Leave a Reply