ਕੈਨੇਡਾ ‘ਚ ‘ਲਿਟਲ ਡੱਗ ਨੇ ਇਕ ਜਾਂ ਦੋ ਨਹੀਂ ਸਗੋਂ 148 ਲੋਕਾਂ ਦੀਆਂ ਬਚਾਈਆਂ ਜਾਨਾਂ

ਸਰੀ— ਕੈਨੇਡਾ ‘ਚ ‘ਲਿਟਲ ਡੱਗ’ ਦੇ ਨਾਂ ਤੋਂ ਮਸ਼ਹੂਰ ਡੱਗ ਨਿਕਰਸਨ ਨਾਂ ਦੇ ਇਸ ਵਿਅਕਤੀ ਨੂੰ ਕੌਣ ਨਹੀਂ ਜਾਣਦਾ। ਪਿਛਲੇ ਹਫਤੇ ਕੈਂਸਰ ਕਾਰਨ ਉਸ ਦੀ ਮੌਤ ਹੋ ਗਈ, ਇਸ ਤੋਂ ਦੋ ਦਿਨ ਪਹਿਲਾਂ ਹੀ ਉਸ ਨੂੰ ਉਸ ਦੀ ਸਮਾਜ ਸੇਵਾ ਲਈ ‘ਹਾਰਟ ਆਫ ਦਿ ਸਿਟੀ’ ਐਵਾਰਡ ਨਾਲ ਨਵਾਜਿਆ ਗਿਆ ਸੀ। ਉਸ ਵਰਗਾ ਸਮਾਜ-ਸੇਵਕ ਬਣਨਾ ਬਹੁਤ ਮੁਸ਼ਕਲ ਹੈ। ਉਹ ਕੈਂਸਰ ਨਾਲ ਜੂਝ ਰਿਹਾ ਸੀ ਤੇ ਹੋਰਾਂ ਵਾਂਗ ਉਹ ਵੀ ਬਿਸਤਰੇ ‘ਤੇ ਰਹਿ ਕੇ ਜੀਵਨ ਕੱਟ ਸਕਦਾ ਸੀ ਪਰ ਉਸ ‘ਚ ਇਕ ਵੱਖਰਾ ਹੀ ਜਜ਼ਬਾ ਸੀ। ਕੈਂਸਰ ਨੇ ਉਸ ਦੀ ਜਾਨ ਲੈ ਲਈ ਪਰ ਉਹ ਪਰਿਵਾਰ ਉਸ ਨੂੰ ਕਿਵੇਂ ਭੁੱਲ ਸਕਦੇ ਹਨ ਜਿਨ੍ਹਾਂ ਦੇ ਘਰਾਂ ਦੇ ਦੀਵੇ ਹੀ ਉਸ ਕਾਰਨ ਅੱਜ ਵੀ ਬਲ ਰਹੇ ਹਨ। ਸਰੀ ਡਾਊਨਟਾਊਨ ‘ਚ ਇਸ ਨੂੰ ਜਦ ਵੀ ਪਤਾ ਲੱਗਦਾ ਸੀ ਕਿ ਕੋਈ ਓਵਰਡੋਜ਼ ਹੋ ਗਿਆ ਤਾਂ ਉਹ ਤੁਰੰਤ ਉਸ ਦੀ ਮਦਦ ਕਰਨ ਪਹੁੰਚ ਜਾਂਦਾ ਸੀ। ਉਸ ਨੇ ਇਕ ਜਾਂ ਦੋ ਨਹੀਂ ਸਗੋਂ 148 ਲੋਕਾਂ ਦੀਆਂ ਜਾਨਾਂ ਬਚਾਈਆਂ। ਓਵਰਡੋਜ਼ ਵਾਲੇ ਮਰੀਜ਼ਾਂ ਨੂੰ ਫਸਟ ਏਡ ਦੇਣ ਲਈ ਉਹ ਆਪਣੇ ਕੋਟ ‘ਚ ਹੀ ਇਕ ਕਿੱਟ ਰੱਖਦਾ ਸੀ। ਉਸ ਦਾ ਕਹਿਣਾ ਸੀ ਕਿ ਕਈ ਵਾਰ ਉਸ ਨੂੰ ਪਾਰਕ ‘ਚ ਜਾਂ ਗਲੀਆਂ ‘ਚ ਕੋਈ ਨਸ਼ੇੜੀ ਮਿਲ ਜਾਂਦਾ ਹੈ, ਜਿਸ ਨੂੰ ਐਮਰਜੈਂਸੀ ਮਦਦ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਉਹ ਹਮੇਸ਼ਾ ਤਿਆਰੀ ਰੱਖਦਾ ਸੀ। ਡੱਗ ਨੇ ਆਪਣਾ ਆਖਰੀ ਸਮਾਂ ਸਰੀ ਦੀ ਗਲੀ 135 ਏ ‘ਚ ਬਤੀਤ ਕੀਤਾ ਅਤੇ ਉਹ ਇਕ ਫਰਿਸ਼ਤੇ ਵਾਂਗ ਲੋਕਾਂ ਦੀ ਮਦਦ ਕਰਦਾ ਹੋਇਆ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ। ਹਰ ਕੈਨੇਡੀਅਨ ਉਸ ਨੂੰ ਉਸ ਦੇ ਉੱਚ ਕੰਮਾਂ ਕਾਰਨ ਭਾਵੁਕ ਸ਼ਰਧਾਂਜਲੀ ਦੇ ਰਿਹਾ ਹੈ।

Be the first to comment

Leave a Reply