ਕੈਨੇਡਾ ‘ਚ ਹਵਾਈ ਜਹਾਜ਼ਾਂ ‘ਤੇ ਲੇਜ਼ਰ ਹਮਲੇ ਰੁਕਣ ਦਾ ਨਾਂ ਹੀ ਲੈ ਰਹੇ

ਟੋਰਾਂਟੋ — ਕੈਨੇਡਾ ‘ਚ ਹਵਾਈ ਜਹਾਜ਼ਾਂ ‘ਤੇ ਲੇਜ਼ਰ ਹਮਲੇ ਰੁਕਣ ਦਾ ਨਾਂ ਹੀ ਲੈ ਰਹੇ ਅਤੇ ਤਾਜ਼ਾ ਘਟਨਾ ਤਹਿਤ ਪੀਅਰਸਨ ਕੌਮਾਂਤਰੀ ਹਵਾਈ ਅੱਡੇ ‘ਤੇ ਲੈਂਡ ਕਰ ਰਹੇ ਇਕ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ। ਪਨਾਮਾ ਤੋਂ ਆਏ ਏਅਰ ਕੈਨੇਡਾ ਦੇ ਜਹਾਜ਼ ‘ਚ 113 ਯਾਤਰੀ ਸਵਾਰ ਸਨ। ਜਦੋਂ ਪਾਇਲਟ ਦੀ ਅੱਖ ‘ਚ ਲੇਜ਼ਰ ਪਈ ਅਤੇ ਉਸ ਦੀ ਨਜ਼ਰ ਧੁੰਦਲੀ ਹੋ ਗਈ। ਫੈਡਰਲ ਟ੍ਰਾਂਸਪੋਰਟ ਮੰਤਰੀ ਮਾਰਕ ਗਾਰਨੋ ਨੇ ਕਿਹਾ ਕਿ ਹਵਾਈ ਜਹਾਜ਼ਾਂ ‘ਤੇ ਮੰਡਰਾ ਰਹੇ ਖਤਰੇ ਦੀ ਇਹ ਤਾਜ਼ਾ ਘਟਨਾ ਹੈ। ਪਿਛਲੇ ਇਕ ਮਹੀਨੇ ਦੌਰਾਨ ਪੀਰਅਰਸਨ ਕੌਮਾਂਤਰੀ ਹਵਾਈ ਅੱਡੇ ‘ਤੇ ਆਉਣ ਅਤੇ ਇਥੋਂ ਰਵਾਨਾ ਹੋਣ ਵਾਲੇ ਯਾਤਰੀ ਜਹਾਜ਼ਾਂ ‘ਤੇ ਲੇਜ਼ਰ ਹਮਲਿਆਂ ਦੀ ਗਿਣਤੀ ‘ਚ ਵਾਧਾ ਦਰਜ ਕੀਤਾ ਗਿਆ ਹੈ। ਜਹਾਜ਼ ਦਾ ਮੁੱਖ ਪਾਇਲਟ ਆਪਣੇ ਇਕ ਪਾਸੇ ਲੱਗਿਆ ਟੈਬਲੇਟ ਵੇਖ ਰਿਹਾ ਸੀ ਜਦੋਂ ਲੇਜ਼ਰ ਉਸ ਦੀ ਅੱਖ ‘ਚ ਵੱਜੀ। ਟ੍ਰਾਂਸਪੋਰਟ ਕੈਨੇਡਾ ਦੀ ਮੁਢਲੀ ਜਾਂਚ ਰਿਪੋਰਟ ਕਹਿੰਦੀ ਹੈ ਕਿ ਪਾਇਲਟ ਦੀ ਨਜ਼ਰ 10-15 ਮਿੰਟ ਤੱਕ ਧੁੰਦਲੀ ਰਹੀ ਅਤੇ ਬੈਚੇਨੀ ਵੀ ਮਹਿਸੂਸ ਹੋਈ। ਕੈਪਟਨ ਨੇ ਬਹੁਤ ਮੁਸ਼ਕਿਲ ਨਾਲ ਜਹਾਜ਼ ਨੂੰ ਲੈਂਡ ਕੀਤਾ ਅਤੇ ਹਾਦਸੇ ਬਾਰੇ ਪੀਲ ਪੁਲਸ ਨੂੰ ਜਾਣਕਾਰੀ ਦਿੱਤੀ। ਹਮਲੇ ਵਾਲੀ ਰਾਤ ਅਤੇ ਉਸ ਤੋਂ ਇਕ ਦਿਨ ਪਹਿਲਾਂ ਵੀ ਹਵਾਈ ਪੱਟੀ 23 ਅਤੇ 24 ‘ਤੇ ਜਹਾਜ਼ਾਂ ਨੂੰ ਲੇਜ਼ਰ ਹਮਲੇ ਦਾ ਨਿਸ਼ਾਨਾ ਬਣਾਏ ਜਾਣ ਦੇ ਮਾਮਲੇ ਸਾਹਮਣੇ ਆਏ ਸਨ। ਟੋਰਾਂਟੋ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਹਵਾਈ ਜਹਾਜ਼ ‘ਤੇ ਲੇਜ਼ਰ ਹਮਲੇ ਦੀਆਂ 2 ਸ਼ਿਕਾਇਤਾਂ ਮਿਲੀਆਂ ਪਰ ਹਾਲੇਂ ਤੱਕ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ। ਟ੍ਰਾਂਸਪੋਰਟ ਕੈਨੇਡਾ ਮੁਤਾਬਕ 2016 ‘ਚ 600 ਲੇਜ਼ਰ ਹਮਲੇ ਸਨ। ਟ੍ਰਾਂਸਪੋਰਟ ਮੰਤਰੀ ਦਾ ਕਹਿਣਾ ਸੀ ਕਿ ਲੋਕਾਂ ਨੂੰ ਲੇਜ਼ਰ ਪ੍ਰਤੀ ਵਧੇਰੇ ਸੁਚੇਤ ਕਰਨਾ ਹੋਵੇਗਾ ਕਿਉਂਕਿ ਇਸ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ।

Be the first to comment

Leave a Reply