ਕੈਨੇਡਾ ਤੋਂ ਭਾਰਤ ਆਏ ਨੌਜਵਾਨ ਤਰਨਜੀਤ ਸਿੰਘ ਤੇ ਬਿਲਗਾ ਥਾਣੇ ‘ਚ ਪਰਚਾ ਦਰਜ

ਜਲੰਧਰ — ਕੈਨੇਡਾ ਤੋਂ ਭਾਰਤ ਆਏ ਤੱਲਵ੍ਹਣ ਪਿੰਡ ਦੇ ਨੌਜਵਾਨ ਤਰਨਜੀਤ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰਾਂ ‘ਤੇ ਬਿਲਗਾ ਥਾਣੇ ‘ਚ ਪਰਚਾ ਦਰਜ ਕੀਤਾ ਗਿਆ। ਇਸ ਗੱਲ ਦਾ ਪ੍ਰਗਟਾਵਾ ਨਕੋਦਰ ਦੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਤਰਨਜੀਤ 25 ਦਸੰਬਰ ਨੂੰ ਕੈਨੇਡਾ ਤੋਂ ਭਾਰਤ ਆਇਆ ਸੀ ਅਤੇ 3 ਜਨਵਰੀ ਨੂੰ ਉਸਦਾ ਵਿਆਹ ਹੈ। ਉਨ੍ਹਾਂ ਦੱਸਿਆ ਕਿ 28 ਦਸੰਬਰ ਨੂੰ ਕੰਕ੍ਰੀਟ ਦੇ ਬਣੇ ਫਰਸ਼ ਨੂੰ ਲੈ ਕੇ ਕੁਝ ਲੋਕਾਂ ਦਾ ਪਿੰਡ ਦੇ ਸਰਪੰਚ ਨਾਲ ਝਗੜਾ ਹੋ ਗਿਆ ਅਤੇ ਇਸ ਨੂੰ ਲੈ ਕੇ ਕਾਂਗਰਸੀ ਸਰਪੰਚ ਨੇ ਤਰਨਜੀਤ ਅਤੇ ਉਸਦੇ ਹੋਰ ਪਰਿਵਾਰਕ ਮੈਂਬਰਾਂ ‘ਤੇ ਪਰਚਾ ਦਰਜ ਕਰਵਾ ਦਿੱਤਾ। ਉਨ੍ਹਾਂ ਕਿਹਾ ਕਿ ਤਰਨਜੀਤ ਦੇ ਸੰਬੰਧ ਅਕਾਲੀ ਪਰਿਵਾਰ ਨਾਲ ਹਨ ਅਤੇ ਸੂਬੇ ਵਿਚ ਕਾਂਗਰਸ ਸਰਕਾਰ ਦਾ ਰਾਜ ਹੈ। ਇਸ ਲਈ ਇਨ੍ਹਾਂ ਸਾਰਿਆਂ ‘ਤੇ ਬੇਬੁਨਿਆਦ ਕੇਸ ਬਣਾ ਦਿੱਤਾ ਗਿਆ।
ਇਸ ਦੌਰਾਨ ਤਰਨਜੀਤ ਨੇ ਕਿਹਾ ਕਿ ਉਹ ਤਾਂ ਵਿਆਹ ਕਰਵਾਉਣ ਦੇ ਇਰਾਦੇ ਨਾਲ ਭਾਰਤ ਆਇਆ ਸੀ ਪਰ ਉਸ ਨਾਲ ਧੱਕਾ ਕਰਕੇ ਉਸ ਨੂੰ ਕੇਸ ਵਿਚ ਉਲਝਾ ਲਿਆ ਗਿਆ ਹੈ। ਉਸ ਨੇ ਕਿਹਾ ਕਿ ਉਸਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਮਾਮਲੇ ਦੀ ਪੂਰੀ ਜਾਂਚ ਡੂੰਘਾਈ ਨਾਲ ਕੀਤੀ ਜਾਵੇ ਤਾਂ ਜੋ ਉਸ ਨੂੰ ਅਤੇ ਉਸਦੇ ਪਰਿਵਾਰ ਨੂੰ ਇਨਸਾਫ ਮਿਲੇ।

Be the first to comment

Leave a Reply