ਕੈਪਟਨ ਅਮਰਿੰਦਰ ਕੇਂਦਰ ਤੋਂ ਪੰਜਾਬ ਦਾ ਹੱਕ ਮੰਗਦੇ ਹਨ ਖ਼ੈਰਾਤ ਨਹੀਂ : ਜਾਖੜ

ਦੀਨਾਨਗਰ –  ਕੈਪਟਨ ਅਮਰਿੰਦਰ ਸਿੰਘ ਦੀ ਆਲੋਚਨਾ ਕਰਨ ’ਤੇ ਅਕਾਲੀਆਂ ਉੱਤੇ ਤਿੱਖਾ ਹਮਲਾ ਕਰਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ ਨੇ ਆਖਿਆ ਕਿ ਮੁੱਖ ਮੰਤਰੀ ਵੱਲੋਂ ਕੇਂਦਰ ਸਰਕਾਰ ਪਾਸੋਂ ਵਿੱਤੀ ਸਹਾਇਤਾ ਦੀ ਮੰਗ ਕਰਨਾ ਖ਼ੈਰਾਤ ਨਹੀਂ ਸਗੋਂ ਪੰਜਾਬ ਲਈ ਆਪਣਾ ਬਣਦਾ ਹੱਕ ਲੈਣਾ ਹੈ।
ਅੱਜ ਇੱਥੇ ਵਰਕਰਾਂ ਨਾਲ ਲੜੀਵਾਰ ਮੀਟਿੰਗਾਂ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਬਾਦਲਾਂ ਦੀਆਂ ਮਾਰੂ ਨੀਤੀਆਂ ਅਤੇ ਮੁੱਖ ਮੰਤਰੀ ਦੀ ਬੇਲੋੜੀ ਆਲੋਚਨਾ ਕਰਨ ਲਈ ਬਾਦਲਾਂ ਨੂੰ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਸਰਕਾਰੀ ਖਜ਼ਾਨੇ ਨੂੰ ਪੂਰੀ ਤਰਾਂ ਚੱਟ ਲਏ ਜਾਣ ਦੇ ਬਾਵਜੂਦ ਕੈਪਟਨ ਸਰਕਾਰ ਨੇ ਸਿਰਫ ਛੇ ਮਹੀਨਿਆਂ ’ਚ ਹੀ ਸੂਬੇ ਦੇ ਲੋਕਾਂ ਲਈ ਭਲਾਈ ਪ੍ਰੋਗਰਾਮ ਆਰੰਭੇ ਹਨ।ਕਾਂਗਰਸੀ ਉਮੀਦਵਾਰ ਨੂੰ ਹਲਕੇ ਦੀਆਂ ਔਰਤਾਂ ਸਮੇਤ ਲੋਕਾਂ ਪਾਸੋਂ ਵੱਡਾ ਹੁੰਗਾਰਾ ਮਿਲ ਰਿਹਾ ਹੈ। ਸ੍ਰੀ ਜਾਖੜ ਨੇ ਸਵਰਨ ਸਲਾਰੀਆ ਤੇ ਉਸਦੀ ਪਾਰਟੀ ਵੱਲੋਂ ਉਨਾਂ ਉੱਪਰ ਕੀਤੇ ਨਿੱਜੀ ਹਮਲਿਆਂ ਦੀ ਵੀ ਸਖ਼ਤ ਆਲੋਚਨਾ ਕੀਤੀ। ਸ੍ਰੀ ਜਾਖੜ ਨੇ ਉਨਾਂ ਨੂੰ ਬਾਹਰੀ ਦੱਸਣ ਵਾਲੇ ਵਿਰੋਧੀਆਂ ’ਤੇ ਚੁਟਕੀ ਲੈਂਦਿਆਂ ਆਖਿਆ ਕਿ ਹਲਕੇ ਦੇ ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਉਹ ਲੋਕ ਸਭਾ ਵਿੱਚ ਸਾਡੀ ਆਵਾਜ਼ ਬੁਲੰਦ ਕਰਨਗੇ ਅਤੇ ਲੋਕ ਉਨਾਂ ਨੂੰ ‘ਸਾਡਾ ਜਾਖੜ’ ਕਹਿਣ ਲੱਗ ਪਏ ਹਨ ਅਤੇ ਉਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਥਾਂ ਬਣਾ ਲਈ ਹੈ।

Be the first to comment

Leave a Reply