ਕੈਪਟਨ ਅਮਰਿੰਦਰ ਵੱਲੋਂ ਕਿਸਾਨਾਂ ਦੇ ਕਰਜ਼ਿਆਂ ਦਾ ਹੱਲ ਕਰਨ ਦਾ ਅਹਿਦ

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਸਦਨ ਵਿੱਚ ਅੱਜ ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸ ਵਿਧਾਇਕ ਦਲ ਦੇ ਨੇਤਾ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ, ਨਸ਼ਿਆਂ ਕਾਰਨ ਜਾਨ ਗੁਆਉਣ ਵਾਲਿਆਂ ਨੂੰ ਯਾਦ ਕਰਨ ਦੇ ਨਾਲ-ਨਾਲ ਵਿਛੜ ਚੁੱਕੀਆਂ ਉੱਘੀਆਂ ਸ਼ਖਸੀਅਤਾਂ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਗਈ। ਬਜਟ ਇਜਲਾਸ ਦੇ ਪਹਿਲੇ ਦਿਨ ਸਦਨ ਨੇ ਵੱਖ-ਵੱਖ ਖੇਤਰਾਂ ਨਾਲ ਜੁੜੀਆਂ 10 ਉÎੱਘੀਆਂ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਜਿਨ੍ਹਾਂ ਨੇ ਆਪਣੀਆਂ ਨਿਵੇਕਲੀਆਂ ਪ੍ਰਾਪਤੀਆਂ ਰਾਹੀਂ ਸੂਬੇ ‘ਤੇ ਅਮਿੱਟ ਛਾਪ ਛੱਡੀ। ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਨੇ ਇਨ੍ਹਾਂ ਸ਼ਖਸੀਅਤਾਂ ਦੇ ਪਰਿਵਾਰਾਂ ਤੱਕ ਸਦਨ ਦਾ ਸ਼ੋਕ ਸੰਦੇਸ਼ ਪਹੁੰਚਾਉਣ ਲਈ ਇਕ ਮਤਾ ਪਾਸ ਕੀਤਾ। ਵਿਛੜੀਆਂ ਰੂਹਾਂ ਦੀ ਯਾਦ ਵਿੱਚ ਸਤਿਕਾਰ ਵਜੋਂ ਦੋ ਮਿੰਟ ਦਾ ਮੌਨ ਰੱਖਿਆ ਗਿਆ। ਸਦਨ ਵੱਲੋਂ ਸੰਸਦ ਮੈਂਬਰ ਵਿਨੋਦ ਖੰਨਾ ਅਤੇ ਸੂਬੇ ਦੇ ਸਾਬਕਾ ਪੁਲਿਸ ਮੁਖੀ ਕੰਵਰ ਪਾਲ ਸਿੰਘ ਗਿੱਲ ਤੋਂ ਇਲਾਵਾ ਨਿਸ਼ਾਨ ਸਿੰਘ, ਗੁਰਦੇਵ ਸਿੰਘ ਅਤੇ ਬੰਤਾ ਸਿੰਘ (ਸਾਰੇ ਆਜ਼ਾਦੀ ਘੁਲਾਟੀਏ), ਸ਼ਹੀਦ ਪਰਮਜੀਤ ਸਿੰਘ ਅਤੇ ਇੰਸਪੈਕਟਰ-ਕਮ-ਕੰਪਨੀ ਕਮਾਂਡਰ (ਸੀ.ਆਰ.ਪੀ.ਐਫ) ਰਘੁਬੀਰ ਸਿੰਘ, ਕਾਂਸਟੇਬਲ ਲਵਪ੍ਰੀਤ ਸਿੰਘ, ਖੇਤੀ ਵਿਗਿਆਨੀ ਡਾ. ਦਿਲਬਾਗ ਸਿੰਘ ਅਠਵਾਲ ਅਤੇ ਕਿਰਪਾਲ ਸਿੰਘ ਖੀਰਨੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਤੋਂ ਪਹਿਲਾਂ ਇਕ ਮੈਂਬਰ ਦੀ ਅਪੀਲ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਸਪੀਕਰ ਨੂੰ ਕਰਜ਼ੇ ਦੇ ਬੋਝ ਕਾਰਨ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਨੂੰ ਵੀ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਜਿਸ ਲਈ ਸਪੀਕਰ ਸਹਿਮਤ ਹੋ ਗਏ। ਇਸ ਉਪਰੰਤ ਇਕ ਬਿਆਨ ਜਾਰੀ ਕਰਦਿਆਂ ਮੁੱਖ ਮੰਤਰੀ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਆਖਿਆ ਕਿ ਹਾਲ ਹੀ ਵਿਚ ਉਨ੍ਹਾਂ ਨੇ ‘ਕੁਰਕੀ’ ਦਾ ਅੰਤ ਕਰਕੇ ਆਪਣੇ ਵਾਅਦੇ ਨੂੰ ਪੂਰਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਮੁਆਫੀ ਦੇ ਵਾਅਦੇ ਤੋਂ ਪਿੱਛੇ ਮੁੜਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ ਅਤੇ ਉਨ੍ਹਾਂ ਦੀ ਸਰਕਾਰ ਛੇਤੀ ਹੀ ਕਿਸਾਨਾਂ ਦੇ ਕਰਜ਼ਾ ਦਾ ਹੱਲ ਕਰੇਗੀ ਅਤੇ ਜ਼ਮੀਨ ਜਾਂ ਜਾਇਦਾਦ ਕੁਰਕ ਨਾ ਹੋਣ ਨੂੰ ਵੀ ਯਕੀਨੀ ਬਣਾਏਗੀ।

Be the first to comment

Leave a Reply