ਕੈਪਟਨ ਅਮਰਿੰਦਰ ਵੱਲੋਂ ਸੁਖਬੀਰ ਬਾਦਲ ਦੀ ਤਿੱਖੀ ਆਲੋਚਨਾ

ਚੰਡੀਗੜ੍ਹ –  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਸਰਕਾਰ ਵਿਰੁੱਧ ਗੁੰਮਰਾਹਕੁੰਨ ਅਤੇ ਅਧਾਰਹੀਣ ਦੋਸ਼ ਲਾ ਕੇ ਨਾ-ਪੱਖੀ ਅਤੇ ਲੋਕ ਵਿਰੋਧੀ ਏਜੰਡਾ ਅਪਣਾਉਣ ਲਈ ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸ਼੍ਰੋਮਣੀ ਅਕਾਲੀ ਦਲ ਦੀ ਤਿੱਖੀ ਆਲੋਚਨਾ ਕੀਤੀ।
ਕਾਂਗਰਸ ਸਰਕਾਰ ‘ਤੇ ਆਪਣੇ ਵਾਅਦਿਆਂ ਤੋਂ ਪਿਛੇ ਹੱਟਣ ਦੇ ਅਕਾਲੀਆਂ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਪੱਸ਼ਟ ਤੌਰ ‘ਤੇ ਰੱਦ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੀ ਵਿੱਤੀ ਮੰਦਹਾਲੀ ਲਈ ਪੂਰੀ ਤਰ੍ਹਾਂ ਅਕਾਲੀਆਂ ਨੂੰ ਦੋਸ਼ੀ ਠਹਿਰਾਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਮੌਜੂਦਾ ਵਿੱਤੀ ਡਾਵਾਂਡੋਲਤਾ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀਆਂ ਗਲਤ ਅਤੇ ਭ੍ਰਿਸ਼ਟ ਨੀਤੀਆਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੋਂ ਜੀ.ਐਸ.ਟੀ. ਦੇ ਯੋਗਦਾਨ ‘ਚ ਦੇਰੀ ਕਾਰਨ ਇਸ ਮਹੀਨੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਵਿੱਚ ਦੇਰੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲਾਂ ਅਤੇ ਉਨ੍ਹਾਂ ਦੇ ਜੁੰਡੀਦਾਰਾਂ ਨੇ ਆਪਣੇ ਇਕ ਦਹਾਕੇ ਦੇ ਸ਼ਾਸਨ ਦੌਰਾਨ ਅੰਨ੍ਹੀ ਲੁੱਟ ਮਚਾਈ ਜਿਸ ਦੇ ਨਾਲ ਸਰਕਾਰੀ ਖਜ਼ਾਨਾ ਵੱਡੇ ਕਰਜ਼ੇ ਦੇ ਬੋਝ ਹੇਠ ਰੀਂਘਣ ਲੱਗ ਪਿਆ ਅਤੇ ਹੁਣ ਉਹ ਢੀਠਪੁਣੇ ਨਾਲ ਸੂਬੇ ਦੇ ਮੌਜੂਦਾ ਸੰਕਟ ਲਈ ਕਾਂਗਰਸ ਸਰਕਾਰ ‘ਤੇ ਦੋਸ਼ ਲਾ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਸੁਖਬੀਰ ਬਾਦਲ ਵੱਲੋਂ ਮੀਡੀਆ ਵਿੱਚ ਦਿੱਤੇ ਗਏ ਉਸ ਬਿਆਨ ਦੀਆਂ ਧੱਜੀਆਂ ਉਡਾ ਰਹੇ ਸਨ ਜਿਸ ਵਿੱਚ ਸੁਖਬੀਰ ਨੇ ਪਿਛਲੇ ਛੇ ਮਹੀਨਿਆਂ ਦੌਰਾਨ ਸਰਕਾਰ ਵੱਲੋਂ ਕੋਈ ਵੀ ਕਾਰਗੁਜਾਰੀ ਨਾ ਵਿਖਾਉਣ ਦਾ ਦੋਸ਼ ਲਾਇਆ ਹੈ।
ਮੁੱਖ ਮੰਤਰੀ ਨੇ ਇਕ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਾਂਗਰਸ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿੱਚ ਕੀਤੇ ਗਏ ਬਹੁਤ ਸਾਰੇ ਵਾਅਦਿਆਂ ਨੂੰ ਨਾ ਕੇਵਲ ਲਾਗੂ ਕੀਤਾ ਹੈ ਸਗੋਂ ਉਸ ਨੇ ਅਜਿਹਾ ਭਾਰੀ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰਦੇ ਹੋਏ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਆਰਥਿਕ ਸੰਕਟ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਸਮਾਜ ਭਲਾਈ ਸਕੀਮਾਂ ਤੋਂ ਲੈ ਕੇ ਨਸ਼ਿਆਂ ਦੇ ਖਾਤਮੇ, ਸਨਅਤੀ ਵਿਕਾਸ ਅਤੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਵਰਗੇ ਪ੍ਰਮੁੱਖ ਵਾਅਦੇ ਪੂਰੇ ਕੀਤੇ ਹਨ।

Be the first to comment

Leave a Reply

Your email address will not be published.


*