ਕੈਪਟਨ ਅਮਰਿੰਦਰ ਸਿੰਘ ਅਕਾਲੀ ਦਲ ਤੇ ਖਾਸਕਰ ਬਿਕਰਮ ਸਿੰਘ ਮਜੀਠੀਆ ‘ਤੇ ਜੰਮ ਕੇ ਵਰ੍ਹੇ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅਕਾਲੀ ਦਲ ਤੇ ਖਾਸਕਰ ਬਿਕਰਮ ਸਿੰਘ ਮਜੀਠੀਆ ‘ਤੇ ਜੰਮ ਕੇ ਵਰ੍ਹੇ ਹਨ। ਕੈਪਟਨ ਨੇ ਕਿਹਾ ਹੈ ਕਿ ਅਕਾਲੀਆਂ ਦੇ ਕਹਿਣ ’ਤੇ ਕਿਸੇ ਵੀ ਐਸ.ਐਚ.ਓ. ਜਾਂ ਪੁਲਿਸ ਅਫਸਰ ਨੂੰ ਨਹੀਂ ਬਦਲਿਆ ਜਾਏਗਾ। ਉਨ੍ਹਾਂ ਨੇ ਅੱਜ ਇਸ ਮੁੱਦੇ ’ਤੇ ਬਿਕਰਮ ਮਜੀਠੀਆ ਦੀ ਡੀ.ਜੀ.ਪੀ. ਨਾਲ ਮੀਟਿੰਗ ਨੂੰ ਅਕਾਲੀ ਸਰਕਾਰ ਦੌਰਾਨ ਝੂਠੇ ਪਰਚੇ ਦਰਜ ਕਰਨ ਵਿੱਚ ਉਸ ਦੀ ਸ਼ਮੂਲੀਅਤ ਦਾ ਭਾਂਡਾ ਭੱਜਣ ਦੇ ਡਰੋਂ ਧਿਆਨ ਹਟਾਉਣ ਦਾ ਕੋਝਾ ਯਤਨ ਕਰਾਰ ਦਿੱਤਾ ਹੈ।

ਮਜੀਠੀਆ ਵੱਲੋਂ ਡੀ.ਜੀ.ਪੀ. ਨਾਲ ਮੀਟਿੰਗ ਦੌਰਾਨ ਗੁਰਦਾਸਪੁਰ ਦੇ ਸੱਤ ਥਾਣਾ ਮੁਖੀਆਂ ਨੂੰ ਬਦਲਣ ਦੀ ਮੰਗ ਸਬੰਧੀ ਮੀਡੀਆ ਦੇ ਇੱਕ ਹਿੱਸੇ ਵਿੱਚ ਛਪੀਆਂ ਰਿਪੋਰਟਾਂ ’ਤੇ ਸਖਤ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਝੂਠੇ ਪੁਲਿਸ ਮਾਮਲਿਆਂ ਦੀ ਜਾਂਚ ਕਰ ਰਹੇ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆੳਣ ’ਤੇ ਮਜੀਠੀਆ ਨੂੰ ਆਪਣਾ ਅਸਲ ਚਿਹਰਾ ਨੰਗਾ ਹੋ ਜਾਣ ਦਾ ਖੌਫ਼ ਸਤਾ ਰਿਹਾ ਹੈ ਕਿਉਂਕਿ ਉਸ ਦੇ ਆਪਣੇ ਹਲਕੇ ਵਿੱਚ ਅਜਿਹੇ ਮਾਮਲਿਆਂ ਦੀ ਗਿਣਤੀ ਕਿਤੇ ਵੱਧ ਹੈ।

ਮਜੀਠੀਆ ਵੱਲੋਂ ਅਕਾਲੀ ਵਰਕਰਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਕਾਂਗਰਸੀ ਵਰਕਰਾਂ ਦੀ ਸਿਫਾਰਸ਼ ’ਤੇ ਇਨ੍ਹਾਂ ਥਾਣਾ ਮੁਖੀਆਂ ਦੀ ਤਾਇਨਾਤੀ ਕਰਨ ਦੇ ਲਾਏ ਦੋਸ਼ਾਂ ਨੂੰ ਖਾਰਜ ਕਰਦਿਆਂ ਮੁੱਖ ਮੰਤਰੀ ਨੇ ਪੁਲਿਸ ਜਾਂ ਪ੍ਰਸ਼ਾਸਨਿਕ ਨਿਯੁਕਤੀਆਂ ਵਿੱਚ ਸਿਆਸੀ ਦਖਲਅੰਦਾਜ਼ੀ ਨੂੰ ਰੱਦ ਕਰ ਦਿੱਤਾ। ਅੱਜ ਇੱਥੋਂ ਜਾਰੀ ਬਿਆਨ ਵਿੱਚ ਉਨ੍ਹਾਂ ਆਖਿਆ ਕਿ ਨਾ ਤਾਂ ਕੋਈ ਤਾਇਨਾਤੀ ਸਿਆਸੀ ਦਬਾਅ ਹੇਠ ਕੀਤੀ ਗਈ ਹੈ ਤੇ ਨਾ ਹੀ ਕਿਸੇ ਸਿਆਸਤਦਾਨ ਦੇ ਕਹਿਣ ’ਤੇ ਕਿਸੇ ਦੀ ਬਦਲੀ ਕੀਤੀ ਜਾਵੇਗੀ।

ਕੈਪਟਨ ਨੇ ਆਖਿਆ ਕਿ ਮਜੀਠੀਆ ਦੀ ਡੀ.ਜੀ.ਪੀ. ਨਾਲ ਮੀਟਿੰਗ ਦਾ ਸਵਾਗਤ ਹੈ ਪਰ ਉਸ ਦੇ ਚਾਹੁਣ ’ਤੇ ਐਸ.ਐਚ.ਓ. ਦੀ ਬਦਲੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਮਜੀਠੀਆ ਭਲੀਭਾਂਤ ਜਾਣੂ ਹੈ ਕਿ ਅਕਾਲੀਆਂ ਦੇ ਜਾਬਰ ਰਾਜ ਵਿੱਚ ਸਭ ਤੋਂ ਵੱਧ ਝੂਠੇ ਪੁਲਿਸ ਮਾਮਲੇ ਉਸ ਦੇ ਹੁਕਮਾਂ ’ਤੇ ਦਰਜ ਹੋਏ ਹਨ ਤੇ ਹੁਣ ਉਹ ਆਪਣੀ ਸ਼ਮੂਲੀਅਤ ਦਾ ਪਰਦਾਫਾਸ਼ ਹੋ ਜਾਣ ਦੇ ਡਰੋਂ ਆਪਣਾ ਬਚਾਅ ਕਰਨ ਲਈ ਤਰਲੋਮੱਛੀ ਹੋ ਰਿਹਾ ਹੈ।

ਮੁੱਖ ਮੰਤਰੀ ਨੇ ਅਕਾਲੀ-ਭਾਜਪਾ ਸਰਕਾਰ ਦੌਰਾਨ ਝੂਠੇ ਕੇਸਾਂ ਵਿੱਚ ਫਸਾਏ ਹਜ਼ਾਰਾਂ ਬੇਕਸੂਰ ਲੋਕਾਂ ਲਈ ਨਿਆਂ ਯਕੀਨੀ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ ਕਿਉਂ ਜੋ ਮਜੀਠੀਆ ਤੇ ਹੋਰ ਅਕਾਲੀ ਲੀਡਰਾਂ ਵੱਲੋਂ ਪੰਜਾਬ ਦੇ ਲੋਕਾਂ ਵਿੱਚ ਦਹਿਸ਼ਤ ਫੈਲਾਈ ਗਈ ਸੀ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਵੱਲੋਂ ਜਾਂਚ ਦੌਰਾਨ ਝੂਠੇ ਪਰਚੇ ਦਰਜ ਕਰਨ ਵਿੱਚ ਜੇਕਰ ਕੋਈ ਕਸੂਰਵਾਰ ਪਾਇਆ ਗਿਆ ਤਾਂ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।

ਸ਼ਾਸਨ ਵਿੱਚ ਪਾਰਦਰਸ਼ਤਾ ਪ੍ਰਤੀ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬਿਨਾ ਕਿਸੇ ਦਬਾਅ ਦੇ ਕਾਨੂੰਨ ਮੁਤਾਬਕ ਕੰਮ ਕਰਨ ਦੀ ਖੁੱਲੀ ਛੁੱਟੀ ਦਿੱਤੀ ਹੋਈ ਹੈ। ਮੁੱਖ ਮੰਤਰੀ ਨੇ ਡੀ.ਜੀ.ਪੀ. ਨੂੰ ਬਿਨਾ ਕਿਸੇ ਦਬਾਅ ਤੋਂ ਪੁਲਿਸ ਫੋਰਸ ਦਾ ਕੰਮ-ਕਾਜ ਯਕੀਨੀ ਬਣਾਉਣ ਦੀ ਹਦਾਇਤ ਕੀਤੀ।

Be the first to comment

Leave a Reply