ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚੋਂ ਨਸ਼ੇ ਖਤਮ ਕਰਨ ਦਾ ਟੀਚਾ ਸਰਕਾਰੀ ਮੁਲਾਜ਼ਮਾਂ ਨੂੰ ਦਿੱਤਾ

ਲੁਧਿਆਣਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ‘ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਸਰਕਾਰੀ ਮੁਲਾਜ਼ਮਾਂ ਨੂੰ ਕਰੀਬ 5 ਲੱਖ ਵਾਲੰਟੀਅਰ ਬਣਾਉਣ ਦਾ ਟੀਚਾ ਦਿੱਤਾ ਗਿਆ ਹੈ, ਜਿਸ ਕਾਰਨ ਹਰ ਮੁਲਾਜ਼ਮ ਦੀ ਜਾਨ ਮੁੱਠੀ ‘ਚ ਆਈ ਹੋਈ ਹੈ। ਇਹ ਟੀਚਾ 23 ਮਾਰਚ ਤੋਂ ਪਹਿਲਾਂ ਪੂਰਨ ਕਰਨ ਦੇ ਫੁਰਮਾਨ ਨਾਲ ਮੁਲਾਜ਼ਮ ਲੋਕਾਂ ਦੀਆਂ ਮਿੰਨਤਾਂ ਕਰਨ ਦੇ ਨਾਲ-ਨਾਲ ਧੱਕੇਸ਼ਾਹੀ ਨਾਲ ਫਾਰਮ ਭਰਵਾ ਕੇ ਉਨ੍ਹਾਂ ਨੂੰ ਵਾਲੰਟੀਅਰ ਬਣਾ ਰਹੇ ਹਨ। ਅਸਲ ‘ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਦੇ ਦਿਨ 23 ਮਾਰਚ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਟਕੜ ਕਲਾਂ ਦੀ ਧਰਤੀ ‘ਤੇ ਸਵਾ ਤਿੰਨ ਲੱਖ ਵਾਲੰਟੀਅਰਾਂ ਨੂੰ ਸਹੁੰ ਦਿਵਾਉਣਗੇ ਕਿ ਉਹ ਸੂਬੇ ‘ਚ ਨਸ਼ਿਆਂ ਨੂੰ ਖਤਮ ਕਰਕੇ ਹੀ ਦਮ ਲੈਣਗੇ। ਹੁਣ ਸਵਾਲ ਇਹ ਹੈ ਕਿ ਲੱਖਾਂ ਵਾਲੰਟੀਅਰਾਂ ਦੀ ਇੰਨੀ ਵੱਡੀ ਫੌਜ ਇਕ ਹਫਤੇ ‘ਚ ਖੜ੍ਹੀ ਕਿਵੇਂ ਹੋਵੇਗੀ। ਇਸ ਲਈ ਸਰਕਾਰੀ ਮੁਲਾਜ਼ਮਾਂ ਨੂੰ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ ਕਿ ਸਾਰੇ ਕੰਮ ਰੋਕ ਕੇ ਇਹ ਫਾਰਮ ਭਰਵਾਏ ਜਾਣ। ਪੁਲਸ ਅਧਿਕਾਰੀ ਪਿੰਡਾਂ ਦੇ ਸਰਪੰਚਾਂ ਕੋਲੋਂ ਫਾਰਮ ਭਰਵਾਉਣ ਲਈ ਆ ਰਹੇ ਹਨ। ਕਈ ਥਾਵਾਂ ‘ਤੇ ਟ੍ਰੈਫਿਕ ਪੁਲਸ ਵਾਲੇ ਕਿਸੇ ਕਾਰ ਜਾਂ ਸਕੂਟਰ, ਬਾਈਕ ਚਾਲਕ ਨੂੰ ਵਾਲੰਟੀਅਰ ਬਣਾਉਣ ਲਈ ਮਿੰਨਤਾਂ ਕਰਦੇ ਵੀ ਦੇਖੇ ਗਏ ਹਨ। ਜ਼ਿਕਰਯੋਗ ਹੈ ਕਿ 4 ਹਫਤਿਆਂ ‘ਚ ਪੰਜਾਬ ‘ਚੋਂ ਨਸ਼ਾ ਖਤਮ ਕਰਨ ਦੀ ਕਸਮ ਖਾਣ ਦੇ ਮਾਮਲੇ ‘ਚ ਸਰਕਾਰ ਦੀ ਕਾਫੀ ਕਿਰਕਿਰੀ ਹੋਈ ਹੈ। ਇਸ ਮਾਮਲੇ ਦਾ ਹੱਲ ਲੱਭਣ ਲਈ ਕੈਪਟਨ ਨੇ ਅਫਸਰਸ਼ਾਹੀ ਨੂੰ ਨਿਰਦੇਸ਼ ਦਿੱਤੇ ਹਨ।