ਕੈਪਟਨ ਅਮਰਿੰਦਰ ਸਿੰਘ ਸੱਤਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਨਾਮਧਾਰੀ ਸੰਪਰਦਾ ਦੇ ਮੁੱਖ ਕੇਂਦਰ ਸ੍ਰੀ ਭੈਣੀ ਸਾਹਿਬ ਪਹੁੰਚੇ

ਜਲੰਧਰ-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਅਦ ਦੁਪਹਿਰ ਸ੍ਰੀ ਭੈਣੀ ਸਾਹਿਬ ਪੁੱਜੇ ਅਤੇ ਉਹ ਕਰੀਬ ਇਕ ਘੰਟਾ ਉਥੇ ਰਹੇ। ਭੈਣੀ ਸਾਹਿਬ ਵਿਖੇ ਹੋਈ ਬੰਦ ਕਮਰਾ ਮੀਟਿੰਗ ‘ਚ ਮੁੱਖ ਮੰਤਰੀ ਨਾਲ ਸਤਿਗੁਰੂ ਉਦੈ ਸਿੰਘ, ਐੱਚ. ਐੱਸ. ਹੰਸਪਾਲ ਤੇ ਸੰਤ ਜਗਤਾਰ ਸਿੰਘ ਮੌਜੂਦ ਰਹੇ ਜਦਕਿ ਉਥੇ ਹੀ ਮੌਜੂਦ ਹੋਰ ਕਾਂਗਰਸੀ ਵਿਧਾਇਕਾਂ ਅਤੇ ਪ੍ਰਮੁੱਖ ਆਗੂਆਂ ਨੂੰ ਮੀਟਿੰਗ ਤੋਂ ਬਾਹਰ ਰੱਖਿਆ ਗਿਆ। ਹੋਰ ਤਾਂ ਹੋਰ ਸੁਰੱਖਿਆ ਦੇ ਪ੍ਰਬੰਧ ਐਨੇ ਕਰੜੇ ਸਨ ਕਿ ਸਤਿਗੁਰੂ ਉਦੈ ਸਿੰਘ ਦੀ ਰਿਹਾਇਸ਼ ‘ਤੇ ਕਿਸੇ ਵੀ ਮੀਡੀਆ ਕਰਮੀ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਨਾ ਹੀ ਸ੍ਰੀ ਭੈÎਣੀ ਸਾਹਿਬ ਦਰਬਾਰ ਅੰਦਰ ਮੀਡੀਆ ਦੇ ਕੈਮਰੇ ਦਾਖਲ ਹੋਣ ਦਿੱਤੇ ਗਏ। ਬੰਦ ਕਮਰਾ ਮੀਟਿੰਗ ਬਾਰੇ ਬੇਸ਼ੱਕ ਪੂਰੇ ਵੇਰਵੇ ਤਾਂ ਨਹੀਂ ਪ੍ਰਾਪਤ ਹੋਏ ਪਰ ਸੂਤਰਾਂ ਅਨੁਸਾਰ ਪੰਜਾਬ ਪੁਲਸ ਮਾਤਾ ਚੰਦ ਕੌਰ ਦੇ ਕਾਤਲਾਂ ਦੇ ਨੇੜੇ ਪਹੁੰਚ ਚੁੱਕੀ ਹੈ ਅਤੇ ਕਦੇ ਵੀ ਇਸ ਸਬੰਧੀ ਖੁਲਾਸਾ ਕੀਤਾ ਜਾ ਸਕਦਾ ਹੈ। ਇਕ ਹਫ਼ਤਾ ਪਹਿਲਾਂ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਵੀ ਸ੍ਰੀ ਭੈਣੀ ਸਾਹਿਬ ਵਿਖੇ ਦੌਰਾ ਕਰਕੇ ਗਏ ਸਨ ਅਤੇ ਉਨ੍ਹਾਂ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਜੀ ਨਾਲ ਮੀਟਿੰਗ ਕੀਤੀ ਸੀ। ਪੰਜਾਬ ‘ਚ ਆਰ. ਐੱਸ. ਐੱਸ. ਆਗੂ ਤੇ ਹੋਰ ਧਰਮਾਂ ਨਾਲ ਸਬੰਧਤ ਆਗੂਆਂ ਦੇ ਕਤਲਾਂ ਦੀ ਗੁੱਥੀ ਸੁਲਝਾਉਣ ਤੋਂ ਬਾਅਦ ਪੰਜਾਬ ਪੁਲਸ ਦੇ ਹੌਸਲੇ ਕਾਫ਼ੀ ਬੁਲੰਦ ਦਿਖਾਈ ਦੇ ਰਹੇ ਹਨ ਤੇ ਪੁਲਸ ਮਾਤਾ ਚੰਦ ਕੌਰ ਦੇ ਕਾਤਲਾਂ ਦੇ ਵੀ ਕਾਫ਼ੀ ਨੇੜੇ ਪਹੁੰਚ ਗਈ ਦਿਖਾਈ ਦੇ ਰਹੀ ਹੈ ਅਤੇ ਕੈਪਟਨ ਦੀ ਭੈਣੀ ਸਾਹਿਬ ਵਿਖੇ ਫੇਰੀ ਵੀ ਇਸ ਗੱਲ ਦਾ ਸੰਕੇਤ ਹੈ ਕਿ ਉਨ੍ਹਾਂ ਇਸ ਕਤਲ ਦੇ ਮਾਮਲੇ ‘ਚ ਹੀ ਨਾਮਧਾਰੀ ਮੁਖੀ ਨਾਲ ਵਿਚਾਰ-ਵਟਾਂਦਰਾ ਕੀਤਾ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਬੰਦ ਕਮਰਾ ਮੀਟਿੰਗ ਉਪਰੰਤ ਨਾਮਧਾਰੀ ਮੁਖੀ ਸਤਿਗੁਰੂ ਉਦੈ ਸਿੰਘ ਨੇ ਦੱਸਿਆ ਕਿ ਨਾਮਧਾਰੀ ਸੰਪਰਦਾ ਨਾਲ ਕੈਪਟਨ ਅਮਰਿੰਦਰ ਸਿੰਘ ਦੀਆਂ ਕਾਫ਼ੀ ਨਜ਼ਦੀਕੀਆਂ ਹਨ ਅਤੇ ਉਹ ਅੱਜ ਮੁੱਖ ਮੰਤਰੀ ਬਣਨ ਉਪਰੰਤ ਪਹਿਲੀ ਵਾਰ ਸ੍ਰੀ ਭੈਣੀ ਸਾਹਿਬ ਵਿਖੇ ਪੁੱਜੇ ਹਨ। ਮਾਤਾ ਚੰਦ ਕੌਰ ਦੇ ਕਾਤਲਾਂ ਸਬੰਧੀ ਸਤਿਗੁਰੂ ਉਦੈ ਸਿੰਘ ਨੇ ਕਿਹਾ ਕਿ ਕੈਪਟਨ ਵਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਸੀ. ਬੀ. ਆਈ. ਇਸ ਮਾਮਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਉੱਧਰ ਪੰਜਾਬ ਪੁਲਸ ਵੀ ਆਪਣੇ ਤੌਰ ‘ਤੇ ਪੂਰੀ ਕੋਸ਼ਿਸ਼ ਕਰ ਰਹੀ ਹੈ ਅਤੇ ਉਨ੍ਹਾਂ ਇਸ ਕਤਲ ਦੀ ਗੁੱਥੀ ਜਲਦ ਸੁਲਝਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਵਲੋਂ ਸ੍ਰੀ ਭੈਣੀ ਸਾਹਿਬ ਵਿਖੇ ਜੋ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਸਟੇਡੀਅਮ ਹੈ ਉਸ ਦਾ ਕਾਰਪੇਟ ਬਦਲਣ ਸਬੰਧੀ ਵੀ ਜਲਦੀ ਗ੍ਰਾਂਟ ਭੇਜਣ ਦਾ ਭਰੋਸਾ ਦਿੱਤਾ ਗਿਆ।

Be the first to comment

Leave a Reply