ਕੈਪਟਨ ਦੀ ਪੁਜ਼ੀਸ਼ਨ ਮੁਆਵਜ਼ੇ ਵੰਡਣ ਤੋਂ ਬਾਅਦ ਡਾਊਨ ਰਹੀ

ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੱਧੂ ਆਪਣੀ ਵਰਕਿੰਗ ਨੂੰ ਲੈ ਕੇ ਆਮ ਕਰ ਕੇ ਚਰਚਾ ‘ਚ ਰਹਿੰਦੇ ਹਨ, ਜਿਸ ਵਿਚ ਉਨ੍ਹਾਂ ਵੱਲੋਂ ਹੋਮ ਮਨਿਸਟਰੀ ਮੰਗਣ ਤੋਂ ਬਾਅਦ ਹੁਣ ਆਪਣੀ ਜੇਬ ਤੋਂ ਮੁਆਵਜ਼ੇ ਤੇ ਗ੍ਰਾਂਟ ਵੰਡਣ ਦਾ ਪਹਿਲੂ ਵੀ ਸ਼ਾਮਲ ਹੈ, ਜਿਸ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪੁਜ਼ੀਸ਼ਨ ਦੇ ਡਾਊਨ ਹੋਣ ਦੇ ਚਰਚੇ ਸ਼ੁਰੂ ਹੋ ਗਏ ਹਨ।
ਜੇਕਰ ਕੈਪਟਨ ਤੇ ਸਿੱਧੂ ਦੇ ਰਿਸ਼ਤਿਆਂ ਦੀ ਗੱਲ ਕਰੀਏ ਤਾਂ ਦੋਵੇਂ ਚਾਹੇ ਜਿੰਨੇ ਮਰਜ਼ੀ ਚੰਗੇ ਸੰਬੰਧ ਹੋਣ ਦੇ ਦਾਅਵੇ ਕਰ ਲੈਣ ਪਰ ਅੰਦਰ ਖਾਤੇ ਸਭ ਕੁਝ ਠੀਕ ਨਹੀਂ ਹੈ, ਜੋ ਸਿਲਸਿਲਾ ਸਿੱਧੂ ਦੇ ਕਾਂਗਰਸ ‘ਚ ਆਉਣ ਸਮੇਂ ਤੋਂ ਹੀ ਚੱਲ ਰਿਹਾ ਹੈ। ਜਦੋਂ ਕੈਪਟਨ ਨੇ ਖੁੱਲ੍ਹੇਆਮ ਵਿਰੋਧ ਕੀਤਾ ਸੀ। ਉਨ੍ਹਾਂ ਦੇ ਦਖਲ ਨਾਲ ਹੀ ਇਕ ਟਿਕਟ ਇਕ ਪਰਿਵਾਰ ਦਾ ਫਾਰਮੂਲਾ ਲਾਗੂ ਹੋਣ ਕਾਰਨ ਸਿੱਧੂ ਦੀ ਪਤਨੀ ਚੋਣ ਨਹੀਂ ਲੜ ਸਕੀ ਤੇ ਫਿਰ ਕੈਪਟਨ ਨੇ ਸਿੱਧੂ ਨੂੰ ਡਿਪਟੀ ਸੀ. ਐੱਮ. ਅਤੇ ਦੂਜੇ ਨੰਬਰ ਦਾ ਮੰਤਰੀ ਵੀ ਨਹੀਂ ਬਣਨ ਦਿੱਤਾ। ਇੱਥੋਂ ਤੱਕ ਕਿ ਸਿੱਧੂ ਦਾ ਲੋਕਲ ਬਾਡੀਜ਼ ਦੇ ਨਾਲ ਸ਼ਹਿਰੀ ਕਾਂਗਰਸ ਵਿਕਾਸ ਮੰਤਰਾਲੇ ਕਲੱਬ ਦਾ ਸੁਪਨਾ ਵੀ ਪੂਰਾ ਨਹੀਂ ਹੋਇਆ।
ਜੇਕਰ ਗੱਲ ਸਰਕਾਰ ਬਣਨ ਤੋਂ ਬਾਅਦ ਦੀ ਕਰੀਏ ਤਾਂ ਫਾਸਟਵੇਅ ਕੇਬਲ ਦੇ ਖਿਲਾਫ ਐਕਸ਼ਨ ਕਰਨ ਨੂੰ ਲੈ ਕੇ ਸਿੱਧੂ ਦੀ ਕੈਪਟਨ ਦੇ ਨਾਲ ਖੂਬ ਤਨਾਤਨੀ ਰਹੀ ਕਿਉਂਕਿ ਕੈਪਟਨ ਨੇ ਸਿੱਧੂ ਦੇ ਐਲਾਨਾਂ ‘ਤੇ ਇਕ ਤੋਂ ਬਾਅਦ ਇਕ ਕਰ ਕੇ ਪਾਣੀ ਫੇਰ ਦਿੱਤਾ ਤੇ ਹੁਣ ਤਾਂ ਸਿੱਧੂ ਨੂੰ ਫਾਸਟਵੇਅ ਦਾ ਨਾਂ ਲੈਣਾ ਹੀ ਬੰਦ ਕਰਨਾ ਪਿਆ ਹੈ। ਇਸੇ ਤਰ੍ਹਾਂ ਸਿੱਧੂ ਨੇ ਜੋ ਅਕਾਲੀਆਂ ਖਾਸ ਕਰਕੇ ਸੁਖਬੀਰ ਅਤੇ ਮਜੀਠੀਆ ‘ਤੇ ਕਾਰਵਾਈ ਕਰਨ ਬਾਰੇ ਚੋਣਾਂ ‘ਚ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਲਈ ਹੋਮ ਮਨਿਸਟਰੀ ਮੰਗੀ ਤਾਂ ਅਕਾਲੀਆਂ ਵੱਲੋਂ ਇਸ ਨੂੰ ਕੈਪਟਨ ਦੀ ਵਰਕਿੰਗ ‘ਤੇ ਸਵਾਲੀਆ ਨਿਸ਼ਾਨ ਲਾਉਣ ਦੀ ਸੰਗਿਆ ਦੇਣ ‘ਤੇ ਸਰਕਾਰ ਦੀ ਕਾਫੀ ਕਿਰਕਿਰੀ ਹੋਈ।

Be the first to comment

Leave a Reply