ਕੈਪਟਨ ਨੇ ਲਗਾਤਾਰ ਵਧ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਵਿਰੋਧੀਆਂ ਤੇ ਖਾਸ ਕਰਕੇ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ

ਅੰਮ੍ਰਿਤਸਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਗਾਤਾਰ ਵਧ ਰਹੀਆਂ ਕਿਸਾਨਾਂ ਦੀਆਂ ਖੁਦਕੁਸ਼ੀਆਂ ਲਈ ਵਿਰੋਧੀਆਂ ਤੇ ਖਾਸ ਕਰਕੇ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕਿਸਾਨਾਂ ਨਾਲ ਕੀਤੇ ਗਏ ਕਰਜ਼ ਮਾਫੀ ਦੇ ਵਾਅਦੇ ਮੁਤਾਬਕ ਉਨ੍ਹਾਂ ਦੀ ਸਰਕਾਰ ਨੇ ਕਰਜ਼ ਮੁਆਫ ਕਰ ਦਿੱਤਾ ਹੈ। ਇਸ ਦੇ ਬਾਵਜੂਦ ਵਿਰੋਧੀ ਲਗਾਤਾਰ ਗ਼ਲਤ ਬਿਆਨਬਾਜ਼ੀ ਕਰਕੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਇਸ ਕਰਕੇ ਹੀ ਖੁਦਕੁਸ਼ੀਆਂ ਹੋ ਰਹੀਆਂ ਹਨ।

ਕੈਪਟਨ ਅਮਰਿੰਦਰ ਸਿੰਘ ਅੱਜ ਅੰਮ੍ਰਿਤਸਰ ਵਿੱਚ ਬਣੇ ਦੇਸ਼ ਦੇ ਪਹਿਲੇ “ਪਾਰਟੀਸ਼ਨ ਮਿਉਜ਼ਿਅਮ” ਦਾ ਉਦਘਾਟਨ ਕਰਨ ਲਈ ਅੰਮ੍ਰਿਤਸਰ ਪਹੁੰਚੇ ਸਨ। ਇਸ ਮੌਕੇ ਦੇਸ਼ ਦੇ ਉੱਘੇ ਕਵੀ ਗੁਲਜ਼ਾਰ ਵੀ ਮੌਜੂਦ ਸਨ। ਗੁਲਜ਼ਾਰ ਨੇ ਲੋਕਾਂ ਨੂੰ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ ਤੇ ਭਾਰਤ-ਪਾਕਿਸਤਾਨ ਵੰਡ ਦੌਰਾਨ ਹੋਏ ਉਨ੍ਹਾਂ ਵੱਲੋਂ ਦੇਖੇ ਗਏ ਘਟਨਾਕ੍ਰਮ ਬਾਰੇ ਵੀ ਦੱਸਿਆ।

ਗੁਲਜ਼ਾਰ ਨੇ ਦੱਸਿਆ ਕਿ ਜਦੋਂ ਦੇਸ਼ ਦੀ ਵੰਡ ਹੋਈ, ਉਸ ਵੇਲੇ ਉਨ੍ਹਾਂ ਦੀ ਉਮਰ 10 ਸਾਲ ਸੀ। ਉਨ੍ਹਾਂ ਨੇ ਉਸ ਵੇਲੇ ਦੇ ਦੁਖਾਂਤ ਨੂੰ ਆਪਣੀਆਂ ਅੱਖਾਂ ਨਾਲ ਵੇਖਿਆ ਹੈ ਜਿਸ ਨੂੰ ਉਹ ਕਦੇ ਵੀ ਭੁਲਾ ਨਹੀਂ ਸਕਦੇ। ਇਸ ਮੌਕੇ ਗੁਲਜ਼ਾਰ ਦੀਆਂ ਕਵਿਤਾਵਾਂ ਵਾਲੀ ਕਿਤਾਬ ਵੀ ਮੁੱਖ ਮੰਤਰੀ ਵੱਲੋਂ ਰਿਲੀਜ਼ ਕੀਤੀ ਗਈ। ਧਾਰਮਿਕ ਅਸਥਾਨਾਂ ਨੂੰ ਜੀ.ਐਸ.ਟੀ. ਤੋਂ ਮੁਕਤ ਕੀਤੇ ਜਾਣ ਦੇ ਸਵਾਲ ‘ਤੇ ਕੈਪਟਨ ਨੇ ਕਿਹਾ ਕਿ ਇਹ ਮਸਲਾ ਕੇਂਦਰ ਸਰਕਾਰ ਦੇ ਕੋਲ ਹੈ। ਉਨ੍ਹਾਂ ਵੱਲੋਂ ਹੀ ਇਸ ਬਾਰੇ ਫੈਸਲਾ ਲਿਆ ਜਾਵੇਗਾ ਪਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਮਾਮਲੇ ਵਿੱਚ ਵੱਖ-ਵੱਖ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।

ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਵਿੱਚ ਬਣੇ ਦੇਸ਼ ਦੇ ਪਹਿਲੇ ਪਾਰਟੀਸ਼ਨ ਮਿਉਜ਼ੀਅਮ ਦਾ ਕੰਮ ਅਕਾਲੀ ਭਾਜਪਾ ਸਰਕਾਰ ਵੇਲੇ ਸ਼ੁਰੂ ਕੀਤਾ ਗਿਆ ਸੀ। ਚੋਣਾਂ ਤੋਂ ਪਹਿਲਾਂ ਇਸ ਅੱਧੇ-ਅਧੂਰੇ ਮਿਊਜ਼ੀਅਮ ਦਾ ਉਦਘਾਟਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਕਰ ਦਿੱਤਾ ਗਿਆ ਸੀ। ਹੁਣ ਇਸ ਮਿਊਜ਼ੀਅਮ ਦਾ ਕੰਮ ਪੂਰਾ ਹੋਣ ਤੋਂ ਬਾਅਦ ਕੈਪਟਨ ਵੱਲੋਂ ਇਸ ਦੀ ਰਸਮੀ ਸ਼ੁਰੂਆਤ ਕੀਤੀ ਗਈ ਹੈ। ਇਸ ਮਿਊਜ਼ੀਅਮ ਦੀ ਸਾਂਭ-ਸੰਭਾਲ ਦਾ ਜਿੰਮਾ The Arts and Cultural Heritage Trust ਨੂੰ ਦਿੱਤਾ ਗਿਆ ਹੈ।

Be the first to comment

Leave a Reply