ਕੈਪਟਨ ਵੱਲੋਂ ਸਾਰਾਗੜ੍ਹੀ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ, ਨੌਜਵਾਨਾਂ ਨੂੰ ਵੱਡੀ ਪੱਧਰ ‘ਤੇ ਫੌਜ ‘ਚ ਸ਼ਾਮਲ ਹੋਣ ਦੀ ਅਪੀਲ

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਤਿਹਾਸਕ ਸਾਰਾਗੜ੍ਹੀ ਜੰਗ ਦੇ ਨਾਇਕਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਨੌਜਵਾਨਾਂ ਨੂੰ ਆਪਣੇ ਜੀਵਨ ਵਿਚ ਬਹਾਦਰੀ ਅਤੇ ਸਾਹਸ ਦੀਆਂ ਕਦਰਾਂ-ਕੀਮਤਾਂ ਭਰਨ ਦਾ ਸੱਦਾ ਦਿੱਤਾ ਹੈ। ਪਿਛਲੇ ਸਾਲ ਇਸ ਜੰਗ ਦੀ 120ਵੀਂ ਵਰ੍ਹੇਗੰਢ ਮੌਕੇ ਆਪਣੀ ਕਿਤਾਬ ”ਦੀ 36 ਸਿੱਖਜ਼ ਇਨ ਦੀ ਤਿਰਾਹ ਕੰਪੇਨ 1897-98 – ਸਾਰਾਗੜ੍ਹੀ ਐਂਡ ਦੀ ਡਿਫੈਂਸ ਆਫ ਦੀ ਸਮਾਣਾ ਫੋਰਟਸ” ਨੂੰ ਕਲਮਬੰਦ ਅਤੇ ਜਾਰੀ ਕਰਨ ਵਾਲੇ ਮੁੱਖ ਮੰਤਰੀ ਨੇ ਕਿਹਾ ਕਿ 36ਵੀਂ ਸਿੱਖ ਦੇ ਫੌਜੀਆਂ ਵੱਲੋਂ ਦਿੱਤਾ ਗਿਆ ਬਲਿਦਾਨ ਭਾਰਤੀ ਫੌਜ ਦੀ ਇਸ ਇੰਫੈਂਟਰੀ ਰੈਜੀਮੈਂਟ ਦੇ ਇਤਿਹਾਸ ਵਿਚ ਹਮੇਸ਼ਾ ਹੀ ਮੂਰਤੀਮਾਨ ਰਹੇਗਾ। ਮੁੱਖ ਮੰਤਰੀ ਨੇ ਯਾਦ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲਾਂ ਹੀ ਬਹਾਦਰ ਫੌਜੀਆਂ ਦੀ ਯਾਦ ਵਿਚ ਕੁਝ ਪਹਿਲਕਦਮੀਆਂ ਦਾ ਐਲਾਨ ਕੀਤਾ ਹੋਇਆ ਹੈ ਅਤੇ ਸਕੂਲ ਦੀਆਂ ਇਤਿਹਾਸ ਦੀਆਂ ਕਿਤਾਬਾਂ ਵਿਚ ਇਸ ਜੰਗ ਨੂੰ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਰਾਗੜ੍ਹੀ ਦੀ ਇਸ ਇਤਿਹਾਸਕ ਘਟਨਾ ਬਾਰੇ ਜਾਗਰੂਕ ਕਰਕੇ ਨੌਜਵਾਨਾਂ ਨੂੰ ਉਤਸ਼ਾਹਤ ਕਰਨਾ ਜ਼ਰੂਰੀ ਹੈ ਜਿਸ ਵਿਚ 22 ਫੌਜੀਆਂ ਨੇ ਅਥਾਹ ਹੌਸਲਾ ਵਿਖਾਇਆ ਅਤੇ ਉਨ੍ਹਾਂ ਨੇ ਆਤਮ ਸਮਰਪਣ ਕਰਨ ਦੀ ਥਾਂ ਮੌਤ ਨੂੰ ਗਲੇ ਲਗਾਇਆ।