ਕੋਲਕਾਤਾ ‘ਚ ਭਾਗਵਤ ਦੇ ਪ੍ਰੋਗਰਾਮ ਦੀ ਬੁਕਿੰਗ ਰੱਦ

ਕੋਲਕਾਤਾ  – ਆਰਐਸਐਸ ਨੇ ਅੱਜ ਦੋਸ਼ ਲਗਾਇਆ ਕਿ ਕੋਲਕਾਤਾ ਦੇ ਇਕ ਸਰਕਾਰੀ ਆਡੀਟੋਰੀਅਮ ਵਿਚ ਉਸ ਦੇ ਮੁਖੀ ਮੋਹਨ ਭਾਗਵਤ ਦਾ ਪ੍ਰੋਗਰਾਮ ਹੋਣਾ ਤੈਅ ਸੀ ਪਰ ਪ੍ਰੋਗਰਾਮ ਦੀ ਬੁਕਿੰਗ ਰੱਦ ਕਰ ਦਿਤੀ ਗਈ। ਆਰਐਸਐਸ ਨੇ ਬੁਕਿੰਗ ਰੱਦ ਕਰਨ ਦੀ ਨਿਖੇਧੀ ਕੀਤੀ ਪਰ ਆਡੀਟੋਰੀਅਮ ਦੇ ਅਧਿਕਾਰੀਆਂ ਨੇ ਕਿਹਾ ਕਿ ਉਸ ਦੌਰਾਨ ਇਮਾਰਤ ਵਿਚ ਮੁਰੰਮਤ ਦਾ ਕੰਮ ਹੋਣਾ ਹੈ, ਇਸ ਲਈ ਸੁਰੱਖਿਆ ਕਾਰਨਾਂ ਦੇ ਮੱਦੇਨਜ਼ਰ ਇਹ ਥਾਂ ਮੁਹੱਈਆ ਨਹੀਂ ਕਰਵਾਈ ਜਾ ਸਕਦੀ। ਸੂਬੇ ਵਿਚ ਆਰਐਸਐਸ ਦੇ ਬੁਲਾਰੇ ਨੇ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੈ ਜਦ ਅਜਿਹਾ ਕਦਮ ਚੁਕਿਆ ਗਿਆ ਹੋਵੇ। ਇਸ ਤੋਂ ਪਹਿਲਾਂ ਵੀ ਪੱਛਮ ਬੰਗਾਲ ਸਰਕਾਰ ਅਜਿਹਾ ਕਰ ਚੁੱਕੀ ਹੈ। ਭਾਗਿਨੀ ਨਿਵੇਦਿਤਾ ਦੀ 150ਵਾਂ ਵਰ੍ਹੇਗੰਢ ਸਮਾਰੋਹ ਕਮੇਟੀ ਨੇ ਸਮਾਰੋਹ ਕਰਵਾਉਣ ਲਈ ਮਹਾਜਾਤੀ ਸਦਨ ਬੁੱਕ ਕੀਤਾ ਸੀ। ਕਮੇਟੀ ਦੇ ਬੁਲਾਰੇ ਨੇ ਦਾਅਵਾ ਕੀਤਾ ਕਿ ਆਡੀਟੋਰੀਅਮ ਨੇ ਜੂਨ ਵਿਚ ਬੁਕਿੰਗ ਲੈ ਲਈ ਸੀ। ਕਮੇਟੀ ਦੇ ਜਨਰਲ ਸਕੱਤਰ ਰੰਤੀਦੇਵ ਸੇਨਗੁਪਤਾ ਨੇ ਕਿਹਾ ਕਿ ਪਿਛਲੇ ਹਫ਼ਤੇ ਆਡੀਟੋਰੀਅਮ ਦੇ ਅਧਿਕਾਰੀਆਂ ਨੇ ਪਹਿਲਾਂ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਤੋਂ ਪ੍ਰਵਾਨਗੀ ਲੈਣੀ ਹੋਵੇਗੀ ਪਰ ਜਦ ਉਨ੍ਹਾਂ ਨੂੰ ਕਿਹਾ ਕਿ ਇਸ ਸਮਾਰੋਹ ਦੀ ਪੁਲਿਸ ਨੂੰ ਪਹਿਲਾਂ ਹੀ ਜਾਣਕਾਰੀ ਦਿਤੀ ਜਾ ਚੁੱਕੀ ਹੈ ਤਾਂ ਫਿਰ ਉਨ੍ਹਾਂ ਕਿਹਾ ਕਿ ਇਸ ਦੌਰਾਨ ਆਡੀਟੋਰੀਅਮ ਵਿਚ ਮੁਰੰਮਤ ਕਰਵਾਈ ਜਾਵੇਗੀ, ਇਸ ਲਈ ਇਹ ਪ੍ਰੋਗਰਾਮ ਨਹੀਂ ਹੋ ਸਕਦਾ। ਸੂਤਰਾਂ ਨੇ ਦਸਿਆ ਕਿ ਦੂਜੇ ਸੰਗਠਨਾਂ ਦੀ ਵੀ ਇਸ ਸਮੇਂ ਦੌਰਾਨ ਹੋਈ ਬੁਕਿੰਗ ਨੂੰ ਰੱਦ ਕੀਤਾ ਗਿਆ ਹੈ।

Be the first to comment

Leave a Reply